Punjab News: ਅਧਿਆਪਕਾਂ ਨੂੰ ਝਿੜਕਣ ਮਗਰੋਂ MLA ਜੌੜਾਮਾਜਰਾ ਨੇ ਮੰਗੀ ਮੁਆਫੀ, ਵੀਡੀਓ ਵਾਇਰਲ ਹੋਣ ਮਗਰੋਂ ਭੱਖਿਆ ਸੀ ਮੁੱਦਾ
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਆਪਣਾ ਪੱਖ ਸਾਹਮਣੇ ਰੱਖਿਆ ਤੇ ਕਿਹਾ ਕਿ ਪੰਜਾਬ ਦੇ ਸਾਰੇ ਅਧਿਆਪਕਾਂ ਤੋਂ ਮੁਆਫ਼ੀ ਮੰਗਦਾ ਹਾਂ।

ਸਮਾਣਾ ਦੇ ਇੱਕ ਸਕੂਲ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਪ੍ਰਤੀ ਵਰਤੀ ਸ਼ਬਦਾਵਲੀ ਦੇ ਵਿਰੋਧ ਵਿੱਚ ਅਧਿਆਪਕ ਵਰਗ ਅੰਦਰ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਅਧਿਆਪਕਾਂ ਵੱਲੋਂ ਅਜਿਹੇ ਵਤੀਰੇ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਚਿੰਟੂ ਪਾਰਕ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਵਿਧਾਇਕ ਜੌੜਾਮਾਜਰਾ ਵਿਰੁੱਧ ਰੋਸ ਜ਼ਾਹਿਰ ਕੀਤਾ ਗਿਆ। ਇਸ ਲਈ ਅਧਿਆਪਕਾਂ ਵੱਲੋਂ ਸੜਕਾਂ ਉੱਤੇ ਉਤਰਨ ਦਾ ਐਲਾਨ ਕੀਤਾ ਸੀ। ਪਰ ਹੁਣ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੁਆਫੀ ਮੰਗ ਲਈ ਹੈ।
ਅਧਿਆਪਕਾਂ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਕੀਤੀ ਸੀ ਵਰਤੋਂ
ਪੰਜਾਬ ਦੇ ਸਾਬਕਾ ਮੰਤਰੀ ਅਤੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿਛਲੇ ਦਿਨੀਂ ਸਮਾਣਾ ਦੇ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਅਧਿਆਪਕ ਵਰਗ ਨੂੰ ਬੇਇਜ਼ਤ ਕਰਨ ਲਈ ਵਰਤੀ ਗਈ ਅਪਮਾਨਜਨਕ ਭਾਸ਼ਾ ਦੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਿਸ ਤੋਂ ਬਾਅਦ ਪੰਜਾਬ ਭਰ ਵਿੱਚ ਇਸ ਗੱਲ ਨੂੰ ਲੈ ਕੇ ਮੁੱਦਾ ਭੱਖ ਗਿਆ ਸੀ। ਅਧਿਆਪਕਾਂ ਵੱਲੋਂ ਮੁਆਫ਼ੀ ਦੀ ਮੰਗ ਕਰਦੇ ਹੋਏ ਚੇਤਾਵਾਨੀ ਦੇ ਦਿੱਤੀ ਗਈ ਸੀ। ਜੇ ਮੁਆਫੀ ਨਾ ਮੰਗੀ ਗਈ ਤਾਂ ਉਹ ਰੋਸ ਪ੍ਰਦਰਸ਼ਨ ਤਿੱਖਾ ਕਰਦੇ ਹੋਏ ਸੜਕਾਂ ਉੱਤੇ ਆ ਜਾਣਗੇ।
ਕੀ ਹੈ ਪੂਰਾ ਮਾਮਲਾ ?
ਦਰਅਸਲ ਸੋਮਵਾਰ ਨੂੰ ਵਿਧਾਇਕ ਜੌੜਾਮਾਜਰਾ ਸਮਾਣਾ ਦੇ ਸਰਕਾਰੀ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਆਫ਼ ਐਮੀਨੈਂਸ ਦੀ ਚਾਰਦੀਵਾਰੀ ਦੇ ਉਦਘਾਟਨ ਸਮੇਂ ਜੌੜੇਮਾਜਰਾ ਉਥੇ ਪੁੱਜੇ। ਕਰੀਬ 2.35 ਮਿੰਟ ਦੀ ਵਾਇਰਲ ਹੋ ਰਹੀ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਜੌੜੇਮਾਜਰਾ ਨੂੰ ਜਦੋਂ ਇਕੱਠ ਨੂੰ ਸੰਬੋਧਨ ਕਰਨ ਲਈ ਸੱਦਿਆ ਗਿਆ ਤਾਂ ਉਹ ਮਾਹੌਲ ਨੂੰ ਦੇਖ ਕੇ ਖਿੱਝ ਗਏ। ਉਨ੍ਹਾਂ ਮਾਈਕ ਸੰਭਾਲਦਿਆਂ ਹੀ ਮਾੜੇ ਪ੍ਰਬੰਧਾਂ ਲਈ ਪ੍ਰਿੰਸੀਪਲ ਹਰਜੋਤ ਕੌਰ ਨੂੰ ਝਾੜ ਮਾਰੀ।'' ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















