ਪੰਜਾਬ ਪੁਲਿਸ ਨੇ ਵੱਡੀ ਡਰੱਗ ਸਪਲਾਈ ਚੇਨ ਦਾ ਕੀਤਾ ਪਰਦਾਫਾਸ਼, ਦਿੱਲੀ ਤੋਂ 4 ਅਫ਼ਗਾਨ ਨਾਗਰਿਕਾਂ ਤੋਂ 17 ਕਿੱਲੋ ਹੈਰੋਇਨ ਬਰਾਮਦ
ਨਸ਼ਿਆਂ ਦੇ ਕਾਰੋਬਾਰੀਆਂ ਦੇ ਹੋਰ ਸੰਪਰਕ ਤਲਾਸ਼ਣ ਲਈ ਯੂਪੀ ਵਿੱਚ ਵੀ ਭੇਜੀ ਟੀਮ: ਡੀਜੀਪੀ
ਚੰਡੀਗੜ੍ਹ/ਹੁਸ਼ਿਆਰਪੁਰ: ਪੰਜਾਬ ਪੁਲਿਸ ਨੇ ਐਤਵਾਰ ਨੂੰ ਇੱਕ ਹੋਰ ਵੱਡੀ ਡਰੱਗ ਸਪਲਾਈ ਚੇਨ ਦਾ ਪਰਦਾਫਾਸ਼ ਕਰਦਿਆਂ ਦੱਖਣੀ ਦਿੱਲੀ ਦੀ ਇੱਕ ਨਿਰਮਾਣ ਯੂਨਿਟ ਤੋਂ ਚਾਰ ਅਫਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਪੁਲਿਸ ਨੇ ਇਨ੍ਹਾਂ ਕੋਲੋਂ 17 ਕਿਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ 90 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਜ਼ਬਤੀ ਨਾਲ, ਪੰਜਾਬ ਪੁਲਿਸ ਨੂੰ ਉੱਤਰ ਪ੍ਰਦੇਸ਼ ਵਿੱਚ ਇਸ ਕਾਰੋਬਾਰ ਨਾਲ ਜੁੜੇ ਹੋਰ ਸੰਪਰਕਾਂ ਦੀ ਸੂਹ ਕੱਢ ਲਈ ਹੈ ਅਤੇ ਇਸ ਸਬੰਧ ਵਿੱਚ ਇੱਕ ਟੀਮ ਉੱਥੇ ਭੇਜ ਦਿੱਤੀ ਗਈ ਹੈ ਤਾਂ ਜੋ ਨਸ਼ਿਆਂ ਦੀ ਸਪਲਾਈ ਦੇ ਨੈਟਵਰਕ ਨੂੰ ਤੋੜਿਆ ਜਾ ਸਕੇ।
ਗ੍ਰਿਫ਼ਤਾਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਮੁਜਾਹਿਦ ਸ਼ਿਨਵਾਰੀ ਵਾਸੀ ਨੰਗਰਹਾਰ, ਅਫ਼ਗਾਨਿਸਤਾਨ; ਮੁਹੰਮਦ ਲਾਲ ਕਾਕਰ, ਜਨਾਤ ਗੁਲ ਕਾਕਰ ਅਤੇ ਸਮਿਉੱਲਾ ਅਫਗਾਨ ਤਿੰਨੋਂ ਵਾਸੀ ਕੁੰਡੂ, ਅਫਗਾਨਿਸਤਾਨ ਵਜੋਂ ਹੋਈ ਹੈ। ਹੈਰੋਇਨ ਦੀ ਵੱਡੀ ਬਰਾਮਦਗੀ ਤੋਂ ਇਲਾਵਾ ਪੁਲਿਸ ਨੇ ਨੈਬ ਸਰਾਏ ਯੂਨਿਟ ਤੋਂ ਨਸ਼ੀਲੇ ਪਦਾਰਥ ਬਣਾਉਣ ਲਈ ਵਰਤੇ ਜਾਂਦੇ ਕਈ ਤਰਾਂ ਦੇ ਕੈਮੀਕਲ ਅਤੇ ਲੈਬ ਉਪਕਰਣ ਵੀ ਬਰਾਮਦ ਕੀਤੇ ਹਨ।
ਇਹ ਗ੍ਰਿਫ਼ਤਾਰੀਆਂ ਅਤੇ ਜਬਤੀਆਂ ਐਸਐਸਪੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਾਲੀ ਹਸ਼ਿਆਰਪੁਰ ਪੁਲਿਸ ਦੀ ਟੀਮ ਨੇ ਪ੍ਰਾਪਤ ਹੋਈ ਸੂਹ ਤੇ ਸਿੱਟੇ ਵਜੋਂ ਕੀਤੀਆਂ। ਜ਼ਿਕਰਯੋਗ ਹੈ ਕਿ ਐਸਐਸਪੀ ਮਾਹਲ ਨਸ਼ਿਆਂ ਖਿਲਾਫ ਚੱਲ ਰਹੀ ਲੜਾਈ ਦੇ ਹਿੱਸੇ ਵਜੋਂ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਪਹਿਲਾਂ ਦੀਆਂ ਕੁਝ ਐਫਆਈਆਰਜ ਦੀ ਜਾਂਚ ਕਰ ਰਹੇ ਸੀ।
ਇਸ ਮਾਮਲੇ ਨਾਲ ਜੁੜੇ ਸੰਪਰਕਾਂ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਨੇ 18 ਮਈ, 2021 ਨੂੰ ਪੁਸ਼ਪਿੰਦਰ ਸਿੰਘ ਉਰਫ ਟਿੰਕੂ ਅਤੇ ਅਮਿਤ ਚੌਧਰੀ ਨੂੰ ਗ੍ਰਿਫ਼ਤਾਰ ਕਰਕੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਿਨ੍ਹਾਂ ਨੇ ਕਬੂਲਿਆ ਸੀ ਕਿ ਉਨ੍ਹਾਂ ਨੇ ਇਹ ਨਸ਼ੀਲੇ ਪਦਾਰਥ ਜੰਡਿਆਲਾ, ਅੰਮ੍ਰਿਤਸਰ ਵਿੱਚ ਜਸਵੀਰ ਸਿੰਘ ਗੱਜੂ ਤੋਂ ਅਤੇ ਹੁਸ਼ਿਆਰਪੁਰ ਦੇ ਸਰਬਜੀਤ ਸਿੰਘ ਸੇਠੀ ਤੋਂ ਖਰੀਦੇ ਸੀ। ਜਸਵੀਰ ਸਿੰਘ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਜਿਥੇ ਉਸ ਦੀ ਸਾਥੀ ਜਗਰੂਪ ਕੌਰ ਨੂੰ ਪੁਲਿਸ ਪਾਰਟੀ ਨੇ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਘਰ ਦੀ ਪੂਰੀ ਤਲਾਸ਼ੀ ਲੈਣ ‘ਤੇ ਪੁਲਿਸ ਪਾਰਟੀ ਨੇ 1.48 ਕਿਲੋ ਹੈਰੋਇਨ, 500 ਗ੍ਰਾਮ ਸੋਨਾ ਅਤੇ 49.48 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ।
ਇਸ ਤੋਂ ਬਾਅਦ ਪੁਲਿਸ ਨੇ 1 ਜੁਲਾਈ ਨੂੰ ਸਰਬਜੀਤ ਸੇਠੀ ਨੂੰ ਵੀ ਗੜਸ਼ੰਕਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । ਉਨ੍ਹਾਂ ਅੱਗੇ ਦੱਸਿਆ ਕਿ ਸਰਬਜੀਤ ਨੇ ਹੈਰੋਇਨ ਨੂੰ ਅਫਗਾਨ ਨਾਗਰਿਕਾਂ ਤੋਂ ਖਰੀਦਿਆ ਸੀ, ਜੋ ਦਿੱਲੀ ਵਿੱਚ ਹੈਰੋਇਨ ਬਣਾਉਣ ਵਾਲੀ ਫੈਕਟਰੀ ਚਲਾਉਂਦੇ ਹਨ ਅਤੇ ਉੱਤਰ ਪ੍ਰਦੇਸ ਤੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਇਮਤਿਆਜ ਬਾਰੇ ਵੀ ਦੱਸਿਆ।
ਹਾਸਲ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ, ਹੁਸ਼ਿਆਰਪੁਰ ਪੁਲਿਸ ਟੀਮ ਨੇ ਦਿੱਲੀ ਵਿਖੇ ਸ਼ੱਕੀ ਥਾਂ ‘ਤੇ ਛਾਪਾ ਮਾਰਿਆ ਅਤੇ ਇਸ ਨਿਰਮਾਣ ਯੂਨਿਟ ਦਾ ਪਰਦਾਫਾਸ਼ ਕੀਤਾ ਜਿੱਥੋਂ ਵੱਡੀ ਮਾਤਰਾ ਵਿੱਚ ਹੈਰੋਇਨ ਪੰਜਾਬ ਅਤੇ ਹੋਰ ਰਾਜਾਂ ਨੂੰ ਸਪਲਾਈ ਕੀਤੀ ਜਾ ਰਹੀ ਸੀ। ਗੁਪਤਾ ਨੇ ਕਿਹਾ ਕਿ ਇਮਤਿਆਜ ਦੇ ਗਿਰੋਹ ਦਾ ਪਤਾ ਲਗਾਉਣ ਲਈ ਇਕ ਹੋਰ ਟੀਮ ਨੂੰ ਉੱਤਰ ਪ੍ਰਦੇਸ਼ ਭੇਜਿਆ ਗਿਆ ਹੈ।
ਉਧਰ ਐਸਐਸਪੀ ਨਵਜੋਤ ਮਾਹਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਹੋਰ ਸਬੰਧਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਗੜਸੰਕਰ ਥਾਣਾ ਹੁਸ਼ਿਆਰਪੁਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-61-85 ਅਧੀਨ ਮਿਤੀ 1 ਜੁਲਾਈ 2021 ਨੂੰ ਐਫ.ਆਈ.ਆਰ. ਨੰ. 90 ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ: Covid-19 Cases in Delhi: ਰਾਹਤ ਦੀ ਖ਼ਬਰ, ਦਿੱਲੀ 'ਚ ਸਾਲ ਬਾਅਦ ਪਹਿਲੀ ਵਾਰ ਆਏ 54 ਕੋਰੋਨਾ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904