Licenses suspended: ਪੰਜਾਬ ਪੁਲਿਸ ਦਾ 'ਫੁਕਰਿਆਂ' ਨੂੰ ਵੱਡਾ ਝਟਕਾ...9800 ਲੋਕਾਂ ਦੇ ਅਸਲਾ ਲਾਇਸੰਸ ਸਸਪੈਂਡ
Licenses suspended: ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਧਮਕਾਉਣ, ਭੜਕਾਊ ਭਾਸ਼ਣ ਦੇਣ ਤੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਫੋਟੋਆਂ ਪੋਸਟ ਕਰਨ ਦੇ ਮਾਮਲਿਆਂ ਵਿੱਚ 9800 ਲਾਇਸੈਂਸ ਮੁਅੱਤਲ ਕੀਤੇ ਹਨ।
Licenses suspended: ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਧਮਕਾਉਣ, ਭੜਕਾਊ ਭਾਸ਼ਣ ਦੇਣ ਤੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਫੋਟੋਆਂ ਪੋਸਟ ਕਰਨ ਦੇ ਮਾਮਲਿਆਂ ਵਿੱਚ 9800 ਲਾਇਸੈਂਸ ਮੁਅੱਤਲ ਕੀਤੇ ਹਨ। ਇਹ ਕਾਰਵਾਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ 'ਤੇ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਭੜਕਾਊ ਭਾਸ਼ਣ ਦੇਣ ਜਾਂ ਹਥਿਆਰਾਂ ਨਾਲ ਧਮਕੀਆਂ ਦੇਣ ਦੇ ਮਾਮਲਿਆਂ ਵਿੱਚ ਹੁਣ ਬਿਲਕੁਲ ਵੀ ਢਿੱਲ ਨਹੀਂ ਵਰਤੀ ਜਾਵੇਗੀ। ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਸਭ ਤੋਂ ਪਹਿਲਾਂ ਦੋਸ਼ੀਆਂ ਦੇ ਅਸਲਾ ਲਾਇਸੈਂਸ ਮੁਅੱਤਲ ਕੀਤੇ ਜਾਣ।
9800 ਲੋਕਾਂ ਦੇ ਅਸਲਾ ਲਾਇਸੈਂਸ ਮੁਅੱਤਲ ਕਰਦਿਆਂ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਡੀਜੀਪੀ ਨੇ ਕਿਹਾ ਕਿ ਦੇਖਿਆ ਗਿਆ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਡੀਸੀ ਤੇ ਹੋਰ ਅਧਿਕਾਰੀਆਂ ਦੇ ਜਾਅਲੀ ਦਸਤਖਤਾਂ ਨਾਲ ਅਸਲਾ ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਗੈਰ-ਕਾਨੂੰਨੀ ਹਥਿਆਰਾਂ ਦੀ ਗਿਣਤੀ ਲਾਇਸੈਂਸੀ ਹਥਿਆਰਾਂ ਨਾਲੋਂ ਦੁੱਗਣੀ
ਇੰਟੈਲੀਜੈਂਸ ਵਿੰਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ 'ਚ ਉਨ੍ਹਾਂ ਦੀ ਤਰਫੋਂ ਡੀਜੀਪੀ ਨੂੰ ਇੱਕ ਰਿਪੋਰਟ ਸੌਂਪੀ ਗਈ ਹੈ। ਇਸ 'ਚ ਖੁਲਾਸਾ ਹੋਇਆ ਹੈ ਕਿ ਸੂਬੇ 'ਚ 4 ਲੱਖ ਅਸਲਾ ਲਾਇਸੈਂਸਧਾਰਕਾਂ ਤੋਂ ਇਲਾਵਾ 7 ਤੋਂ 8 ਲੱਖ ਗੈਰ-ਕਾਨੂੰਨੀ ਹਥਿਆਰ ਲੋਕਾਂ ਕੋਲ ਹਨ। ਪਤਾ ਲੱਗਾ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੇ ਗਰੋਹ ਨੂੰ ਪਾਕਿਸਤਾਨ, ਅਮਰੀਕਾ, ਇਟਲੀ, ਜਰਮਨੀ ਤੇ ਕੈਨੇਡਾ ਦੇ ਵੱਖ-ਵੱਖ ਗੈਂਗਸਟਰਾਂ ਵੱਲੋਂ ਚਲਾਇਆ ਜਾ ਰਿਹਾ ਹੈ।
2300 ਲੋਕਾਂ ਦੀ ਸੁਰੱਖਿਆ ਵਾਪਸ ਲਈ
ਇਸ ਤੋਂ ਇਲਾਵਾ ਪੁਲਿਸ ਹੁਣ ਤੱਕ 2300 ਲੋਕਾਂ ਤੋਂ ਪੁਲਿਸ ਸੁਰੱਖਿਆ ਵਾਪਸ ਲੈ ਚੁੱਕੀ ਹੈ। ਰਾਜ ਵਿੱਚ 21 ਤੋਂ 40 ਸਾਲ ਦੀ ਉਮਰ ਦੇ ਲੋਕਾਂ ਨੂੰ ਮਿਲੀ ਪੁਲਿਸ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਜਿਨ੍ਹਾਂ 2300 ਲੋਕਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਸੂਬੇ ਦੇ ਕਈ ਵਪਾਰੀ, ਸਿਆਸੀ ਪਾਰਟੀਆਂ ਦੇ ਜ਼ਿਲ੍ਹਾ ਪੱਧਰੀ ਮੁਖੀ, ਉਦਯੋਗਪਤੀ ਤੇ ਕਾਰੋਬਾਰੀ ਆਦਿ ਸ਼ਾਮਲ ਹਨ।