ਪੰਜਾਬ ਵਿਧਾਨ ਸਭਾ ਸੈਸ਼ਨ 24 ਤੋਂ 30 ਜੂਨ ਤੱਕ, 27 ਨੂੰ ਪੇਸ਼ ਹੋਵੇਗਾ 'AAP' ਸਰਕਾਰ ਦਾ ਬਜਟ, ਪੂਰਾ ਸ਼ੈਡਿਊਲ ਜਾਰੀ
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦੋ ਦਿਨ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਹੋਵੇਗੀ। 24 ਜੂਨ ਨੂੰ ਸੈਸ਼ਨ ਸ਼ੁਰੂ ਹੁੰਦੇ ਹੀ ਵਿਛੜੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਚਰਚਾ ਸ਼ੁਰੂ ਹੋਵੇਗੀ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਸੈਸ਼ਨ 24 ਤੋਂ 30 ਜੂਨ ਤੱਕ ਚੱਲੇਗਾ। 27 ਜੂਨ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਪਹਿਲਾ ਬਜਟ ਪੇਸ਼ ਕਰੇਗੀ। ਇਸ 'ਤੇ 28 ਤੇ 29 ਜੂਨ ਨੂੰ ਚਰਚਾ ਹੋਵੇਗੀ। ਇਸ ਸਬੰਧੀ ਵਿਧਾਨ ਸਭਾ ਦੇ ਸਕੱਤਰ ਨੇ ਸੈਸ਼ਨ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ ਜਿਸ ਬਾਰੇ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੰਜਾਬ ਬਜਟ ਸੈਸ਼ਨ ਦਾ ਸਿੱਧਾ ਪ੍ਰਸਾਰਣ ਹੋਵੇਗਾ। ਇਸ ਨੂੰ ਪੰਜਾਬ ਸਰਕਾਰ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ 'ਤੇ ਦੇਖਿਆ ਜਾ ਸਕਦਾ ਹੈ।
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦੋ ਦਿਨ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਹੋਵੇਗੀ। 24 ਜੂਨ ਨੂੰ ਸੈਸ਼ਨ ਸ਼ੁਰੂ ਹੁੰਦੇ ਹੀ ਵਿਛੜੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਚਰਚਾ ਸ਼ੁਰੂ ਹੋਵੇਗੀ। ਰਾਜਪਾਲ ਦੇ ਭਾਸ਼ਣ 'ਤੇ ਚਰਚਾ ਲਈ 25 ਜੂਨ ਦਾ ਦਿਨ ਵੀ ਰੱਖਿਆ ਗਿਆ ਹੈ। 26 ਜੂਨ ਨੂੰ ਛੁੱਟੀ ਹੋਵੇਗੀ।
ਵਿੱਤ ਮੰਤਰੀ ਹਰਪਾਲ ਚੀਮਾ 27 ਜੂਨ ਨੂੰ ਬਜਟ ਪੇਸ਼ ਕਰਨਗੇ। ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਇਸ ਸਮੇਂ ਅੰਤਰਿਮ ਬਜਟ 'ਤੇ ਚੱਲ ਰਹੀ ਹੈ। ਬਜਟ ਪੇਸ਼ ਕਰਨ ਤੋਂ ਅਗਲੇ ਦਿਨ ਭਾਵ 28 ਤੇ 29 ਨੂੰ ਬਜਟ 'ਤੇ ਚਰਚਾ ਹੋਵੇਗੀ।
ਇਸ ਵਾਰ ਪੰਜਾਬ ਦਾ ਬਜਟ ਪੇਪਰ ਰਹਿਤ ਹੋਵੇਗਾ। ਇਸ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ 21 ਲੱਖ ਰੁਪਏ ਦੀ ਬਚਤ ਹੋਵੇਗੀ। ਇਸ ਦੇ ਨਾਲ ਹੀ 34 ਟਨ ਕਾਗਜ਼ ਦੀ ਵੀ ਬਚਤ ਹੋਵੇਗੀ। ਇਸ ਦਾ ਐਲਾਨ ਕੁਝ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਕੀਤਾ ਸੀ।
ਉਨ੍ਹਾਂ ਕਿਹਾ ਸੀ ਕਿ ਇਸ ਨਾਲ ਅਸੀਂ ਕਰੀਬ 834 ਰੁੱਖਾਂ ਨੂੰ ਬਚਾ ਸਕਾਂਗੇ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਢਾਈ ਮਹੀਨੇ ਹੋ ਗਏ ਹਨ। ਕੰਮ ਚਲਾਉਣ ਲਈ ਸਰਕਾਰ ਨੇ ਅੰਤਰਿਮ ਬਜਟ ਪਾਸ ਕੀਤਾ ਸੀ। 3 ਮਹੀਨਿਆਂ ਦਾ ਇਹ ਅੰਤ੍ਰਿਮ ਬਜਟ 37,120 ਕਰੋੜ ਰੁਪਏ ਸੀ।