Punjab Weather: ਪੰਜਾਬ 'ਚ ਤਾਪਮਾਨ 43 ਡਿਗਰੀ ਪਾਰ! 16 ਜ਼ਿਲ੍ਹਿਆਂ ਵਿੱਚ ਲੂ ਦਾ ਅਲਰਟ, IMD ਵੱਲੋਂ ਅੱਜ ਤੋਂ ਮੀਂਹ-ਹਨੇਰੀ ਦੀ ਭਵਿੱਖਬਾਣੀ
ਪੰਜਾਬ 'ਚ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਹੈ। ਉੱਤਰ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਤਾਪਮਾਨ ਵੱਧ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਵਿੱਚ ਤਾਪਮਾਨ 43.1 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਲਈ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ..

Punjab Weather: ਪੰਜਾਬ 'ਚ ਭਿਆਨਕ ਗਰਮੀ ਪੈ ਰਹੀ ਹੈ। ਸੂਬੇ ਦਾ ਦਿਨ ਦਾ ਤਾਪਮਾਨ 43.1 ਡਿਗਰੀ ਤੱਕ ਪਹੁੰਚ ਗਿਆ ਹੈ। ਸਭ ਤੋਂ ਵੱਧ ਗਰਮੀ ਬਠਿੰਡਾ 'ਚ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਤਾਪਮਾਨ 'ਚ 0.2 ਡਿਗਰੀ ਦਾ ਇਜ਼ਾਫ਼ਾ ਹੋਇਆ ਹੈ। ਇਹ ਆਮ ਤਾਪਮਾਨ ਨਾਲੋਂ 5.6 ਡਿਗਰੀ ਵੱਧ ਹੈ। ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਵੱਧ ਚੱਲ ਰਿਹਾ ਹੈ।
12 ਜ਼ਿਲ੍ਹਿਆਂ ਲਈ ਹੀਟ ਵੇਵ ਦਾ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਨੇ ਅੱਜ ਬੁੱਧਵਾਰ ਨੂੰ 12 ਜ਼ਿਲ੍ਹਿਆਂ ਲਈ ਹੀਟ ਵੇਵ ਦਾ ਯੈਲੋ ਅਲਰਟ ਤੇ 4 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਹੁਣ ਰਾਤਾਂ ਨੂੰ ਵੀ ਗਰਮੀ ਵਧੇਗੀ। ਮੌਸਮ ਵਿਭਾਗ ਦੇ ਅਨੁਸਾਰ, ਅੱਜ ਤੋਂ ਵੈਸਟਰਨ ਡਿਸਟਰਬੈਂਸ ਸਕਿਰਿਆ ਹੋ ਗਿਆ ਹੈ। ਇਸ ਕਰਕੇ 9, 10 ਤੇ 11 ਅਪ੍ਰੈਲ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ।
ਸਾਰੇ ਹਸਪਤਾਲਾਂ ਵਿੱਚ 24 ਘੰਟੇ ਸਿਹਤ ਸਹੂਲਤਾਂ ਮੌਜੂਦ
ਮੌਸਮ ਵਿਭਾਗ ਮੁਤਾਬਕ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ 'ਚ ਲੂ ਲਈ ਔਰਜ਼ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ, ਫਿਰੋਜ਼ਪੁਰ, ਫ਼ਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਗੁਰਦਾਸਪੁਰ ਅਤੇ ਪਟਿਆਲਾ ਵਿੱਚ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਹਲਾਤਾਂ ਵਿੱਚ ਲੋਕਾਂ ਨੂੰ ਸਤਰਕ ਰਹਿਣ ਦੀ ਲੋੜ ਹੈ ਅਤੇ ਬਿਨਾ ਲੋੜ ਦੇ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਸਾਰੇ ਸਿਵਲ ਸਰਜਨਾਂ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਹਸਪਤਾਲ ਵਿੱਚ ਗਰਮੀ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਢੁਕਵਾਂ ਇੰਤਜ਼ਾਮ ਹੋਵੇ। ਇਸ ਦੇ ਨਾਲ, ਜ਼ਿਲ੍ਹਾ ਹਸਪਤਾਲਾਂ ਤੋਂ ਲੈ ਕੇ ਸੀਐਚਸੀ ਅਤੇ ਪੀਐਚਸੀ ਪੱਧਰ ਤੱਕ ਜ਼ਰੂਰੀ ਬੈੱਡ ਰਾਖਵੇਂ ਰੱਖੇ ਗਏ ਹਨ, ਜਿਥੇ 24 ਘੰਟੇ ਸਿਹਤ ਸੇਵਾਵਾਂ ਉਪਲਬਧ ਰਹਿਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















