Punjab Weather Today: ਪੰਜਾਬ 'ਚ ਤੜਕ ਸਵੇਰੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ, ਗਰਮੀ ਤੋਂ ਮਿਲੀ ਲੋਕਾਂ ਨੂੰ ਕੁੱਝ ਰਾਹਤ, ਹਨ੍ਹੇਰੀ-ਤੂਫਾਨ ਸਣੇ ਮੀਂਹ ਦੀ ਵਾਰਨਿੰਗ
ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਲੋਕਾਂ ਨੂੰ ਅੱਜ ਸਵੇਰੇ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੇ ਨਾਲ ਠੰਡੀਆਂ ਹਵਾਵਾਂ ਨੇ ਮੌਸਮ ਨੂੰ ਸੁਹਾਵਨਾ ਬਣਾ ਦਿੱਤਾ ਹੈ। ਐਤਵਾਰ ਹੋਣ ਕਰਕੇ ਲੋਕ ਆਪਣੀ ਛੁੱਟੀ..

Punjab Weather: ਪਿਛਲੇ ਇੱਕ ਹਫਤੇ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਅੱਜ ਲੂ ਤੋਂ ਕੁਝ ਰਾਹਤ ਮਿਲੀ ਹੈ। ਜੀ ਹਾਂ ਤੜਕ ਸਵੇਰੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਨੇ ਦਸਤਕ ਦੇ ਦਿੱਤੀ ਹੈ। ਜਿਸ ਕਰਕੇ ਐਤਵਾਰ ਦਾ ਦਿਨ ਲੋਕਾਂ ਲਈ ਰਾਹਤ ਭਰਿਆ ਸਾਬਿਤ ਹੋ ਰਿਹਾ ਹੈ। ਪਟਿਆਲਾ, ਜ਼ਿਰਕਪੁਰ, ਚੰਡੀਗੜ ਦੇ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਮੀਂਹ ਦੇ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਅੁਸਾਰ ਅੱਜ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਅਤੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਦੇ ਬਾਵਜੂਦ ਤਾਪਮਾਨ ਹਾਲੇ ਵੀ ਆਮ ਤੋਂ 3.1 ਡਿਗਰੀ ਸੈਲਸੀਅਸ ਵੱਧ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 43.8 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ ਵਿੱਚ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅਗਲੇ 24 ਘੰਟਿਆਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਹੋਵੇਗਾ, ਪਰ ਉਸ ਤੋਂ ਬਾਅਦ ਰਾਜ ਵਿੱਚ ਤਾਪਮਾਨ ਵਿੱਚ ਹੌਲੇ-ਹੌਲੇ 3 ਤੋਂ 5 ਡਿਗਰੀ ਸੈਲਸੀਅਸ ਦੀ ਕਮੀ ਆ ਸਕਦੀ ਹੈ।
7 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ
ਪੱਛਮੀ ਰਾਜਸਥਾਨ ਅਤੇ ਨੇੜਲੇ ਪਾਕਿਸਤਾਨ 'ਚ ਹਵਾ ਦਾ ਚੱਕਰਵਾਤੀ ਪਰਿਸੰਚਾਰ ਬਣਿਆ ਹੋਇਆ ਹੈ। ਨਾਲ ਹੀ ਵੈਸਟਰਨ ਡਿਸਟਰਬੈਂਸ ਵੀ ਸਰਗਰਮ ਹੈ। ਇਸ ਕਾਰਨ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਦੂਜੇ ਪਾਸੇ, ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਤਰਨ ਤਾਰਨ, ਕਪੂਰਥਲਾ, ਜਲੰਧਰ, ਮੋਗਾ, ਬਰਨਾਲਾ, ਸੰਗਰੂਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ (ਹੀਟ ਵੇਵ) ਤੇ ਗਰਮ ਰਾਤਾਂ ਹੋਣ ਦੀ ਸੰਭਾਵਨਾ ਹੈ।
ਇਸਦੇ ਨਾਲ ਨਾਲ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਪਟਿਆਲਾ ਵਿੱਚ ਕੁਝ ਥਾਵਾਂ 'ਤੇ ਹਨ੍ਹੇਰੀ/ਬਿਜਲੀ ਚਮਕਣ ਅਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
18 ਤਾਰੀਖ ਤੱਕ ਇੰਝ ਰਹੇਗਾ ਮੌਸਮ
ਅਗਲੇ 24 ਘੰਟਿਆਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਹੋਵੇਗਾ। ਉਸ ਤੋਂ ਬਾਅਦ ਰਾਜ ਵਿੱਚ ਤਾਪਮਾਨ ਹੌਲੇ-ਹੌਲੇ 3 ਤੋਂ 5 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ। 18 ਤਾਰੀਖ ਤੱਕ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦੀ ਸੰਭਾਵਨਾ ਹੈ। 18 ਤੋਂ ਬਾਅਦ ਵੀ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਅੱਜ ਰਾਤ ਵੱਖ-ਵੱਖ ਥਾਵਾਂ 'ਤੇ ਗਰਮ ਮੌਸਮ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਕੁਝ ਥਾਵਾਂ 'ਤੇ ਹਨ੍ਹੇਰੀ/ਬਿਜਲੀ/ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਜਤਾਈ ਗਈ ਹੈ।






















