(Source: ECI/ABP News)
Punjab Weather Update: ਮੌਸਮ ਵਿਭਾਗ ਦਾ ਤਾਜ਼ਾ ਅਲਰਟ! ਪੂਰੇ ਸੂਬੇ 'ਚ 16 ਤੋਂ 19 ਜੂਨ ਤੱਕ ਪਏਗਾ ਮੀਂਹ
ਹੁਣ ਮੌਸਮ ਵਿਭਾਗ ਨੇ 16 ਤੋਂ 19 ਜੂਨ ਤੱਕ ਪੰਜਾਬ ਭਰ ’ਚ ਹਲਕੇ ਮੀਂਹ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।
![Punjab Weather Update: ਮੌਸਮ ਵਿਭਾਗ ਦਾ ਤਾਜ਼ਾ ਅਲਰਟ! ਪੂਰੇ ਸੂਬੇ 'ਚ 16 ਤੋਂ 19 ਜੂਨ ਤੱਕ ਪਏਗਾ ਮੀਂਹ Punjab Weather Update: Latest Alert of Meteorological Department! It will rain in entire state from June 16 to 19 Punjab Weather Update: ਮੌਸਮ ਵਿਭਾਗ ਦਾ ਤਾਜ਼ਾ ਅਲਰਟ! ਪੂਰੇ ਸੂਬੇ 'ਚ 16 ਤੋਂ 19 ਜੂਨ ਤੱਕ ਪਏਗਾ ਮੀਂਹ](https://feeds.abplive.com/onecms/images/uploaded-images/2023/06/16/b4ecc4ca7eb56ac56618040392aa94681686893366285700_original.jpg?impolicy=abp_cdn&imwidth=1200&height=675)
Punjab Weather Update: ਪੰਜਾਬ ਦਾ ਮੌਸਮ ਅਜੀਬੋ-ਗਰੀਬ ਬਣਿਆ ਹੋਇਆ ਹੈ। ਇੱਕ ਪਾਸੇ ਕੜਾਕੇ ਦੀ ਧੁੱਪ ਪੈ ਰਹੀ ਹੈ ਤੇ ਦੂਜੇ ਪਾਸੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਸ਼ ਹੋ ਰਹੀ ਹੈ। ਇਸ ਨਾਲ ਤਾਪਮਾਨ ਆਮ ਨਾਲੋਂ ਹੇਠਾਂ ਹੀ ਚੱਲ ਰਿਹਾ ਹੈ। ਹੁਣ ਮੌਸਮ ਵਿਭਾਗ ਨੇ 16 ਤੋਂ 19 ਜੂਨ ਤੱਕ ਪੰਜਾਬ ਭਰ ’ਚ ਹਲਕੇ ਮੀਂਹ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਮੀਂਹ ਤੇ ਹਨੇਰੀ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿੱਤੀ ਹੈ। ਮੀਂਹ ਤੇ ਹਨੇਰੀ ਕਰ ਕੇ ਵੀਰਵਾਰ ਨੂੰ ਦਿਨ ਦਾ ਤਾਪਮਾਨ 5 ਤੋਂ 7 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਅਗਲੇ ਦਿਨਾਂ ਦੌਰਾਨ ਵੀ ਅਜਿਹੀ ਹੀ ਰਹੇਗਾ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਸ਼ਾਮ ਨੂੰ ਸ਼ੁਰੂ ਹੋਇਆ ਮੀਂਹ ਰੁਕ-ਰੁਕ ਕੇ ਕਈ ਇਲਾਕਿਆਂ ’ਚ ਜਾਰੀ ਹੈ।
ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ’ਚ 129.6 ਐਮਐਮ ਮੀਂਹ ਪਿਆ ਹੈ। ਇਸੇ ਤਰ੍ਹਾਂ ਲੁਧਿਆਣਾ ’ਚ 33.2 ਐਮਐਮ, ਪਟਿਆਲਾ ’ਚ 20.2 ਐਮਐਮ, ਫਤਹਿਗੜ੍ਹ ਸਾਹਿਬ ’ਚ 22 ਐਮਐਮ, ਫਿਰੋਜ਼ਪੁਰ ’ਚ 7 ਐਮਐਮ, ਬਰਨਾਲਾ ’ਚ 10 ਐਮਐਮ ਮੀਂਹ ਪਿਆ। ਹਾਲਾਂਕਿ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਹਲਕਾ ਮੀਂਹ ਪਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਪੰਜਾਬ ਦੇ ਫ਼ਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਇੱਥੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ’ਚ ਤਾਪਮਾਨ 34 ਡਿਗਰੀ, ਅੰਮ੍ਰਿਤਸਰ ’ਚ 31, ਲੁਧਿਆਣਾ ’ਚ 31.9, ਪਟਿਆਲਾ ’ਚ 34.2, ਪਠਾਨਕੋਟ ’ਚ 34.8, ਗੁਰਦਾਸਪੁਰ ’ਚ 35, ਬਰਨਾਲਾ ’ਚ 33.1, ਫਤਹਿਗੜ੍ਹ ਸਾਹਿਬ ’ਚ 32.6, ਫ਼ਿਰੋਜ਼ਪੁਰ ’ਚ 30, ਗੁਰਦਾਸਪੁਰ ’ਚ 31.6, ਮੁਹਾਲੀ ’ਚ 33.5 ਤੇ ਨਵਾਂ ਸ਼ਹਿਰ ’ਚ 32.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਧਰ ਇਹ ਮੀਂਹ ਝੋਨੇ ਦੀ ਲੁਆਈ ਕਰਨ ਵਾਲੇ ਕਿਸਾਨਾਂ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਅਤਿ ਦੀ ਗਰਮੀ ਕਰ ਕੇ ਪੰਜਾਬ ’ਚ ਬਿਜਲੀ ਦੀ ਮੰਗ ਵਧਦੀ ਜਾ ਰਹੀ ਸੀ ਪਰ ਮੀਂਹ ਤੋਂ ਬਾਅਦ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਯਾਦ ਰਹੇ ਪੰਜਾਬ ਦੇ ਕੁਝ ਹਿੱਸਿਆਂ ’ਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ, ਜਦਕਿ ਬਾਕੀ ਹਿੱਸਿਆਂ ’ਚ ਪੜਾਵਾਂ 16, 19 ਤੇ 21 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ।
ਇਸੇ ਲੜੀ ਵਿੱਚ ਅੱਜ ਤੋਂ ਦੂਜੇ ਪੜਾਅ ਅਧੀਨ ਪੰਜਾਬ ਦੇ ਸੱਤ ਜ਼ਿਲ੍ਹਿਆਂ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਸ੍ਰੀ ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਨਵਾਂ ਸ਼ਹਿਰ ਤੇ ਤਰਨ ਤਾਰਨ ’ਚ ਝੋਨੇ ਦੀ ਲੁਆਈ ਸ਼ੁਰੂ ਕੀਤੀ ਜਾਵੇਗੀ, ਜਦੋਂ ਕਿ ਪਹਿਲਾ ਪੜਾਅ 10 ਜੂਨ ਤੋਂ ਸ਼ੁਰੂ ਕੀਤਾ ਸੀ, ਜਿਸ ’ਚ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਦੇ ਖੇਤਰਾਂ ’ਚ ਲੁਆਈ ਸ਼ੁਰੂ ਹੋ ਚੁੱਕੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)