'ਮੇਰੇ ਪਤੀ ਨੂੰ ਅਮਰੀਕਾ 'ਚੋਂ ਕੱਢੋ, ਉਹ ਦੂਜਾ ਵਿਆਹ ਕਰਨ ਜਾ ਰਿਹਾ', ਪੰਜਾਬ ਦੀ ਮਹਿਲਾ ਨੇ ਲਾਈ ਮਦਦ ਦੀ ਗੁਹਾਰ!
ਸਮਨਪ੍ਰੀਤ ਕੌਰ ਨੇ ਆਪਣੇ ਪਤੀ ਨਵਰੀਤ ਸਿੰਘ, ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ, 'ਤੇ ਫਰਜ਼ੀ ਸ਼ਰਣ ਲੈ ਕੇ ਦੂਜਾ ਵਿਆਹ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਉਸ ਨੇ ICE ਤੋਂ ਆਪਣੇ ਪਤੀ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ।

ਹਰ ਸਾਲ ਭਾਰਤ ਤੋਂ ਹਜ਼ਾਰਾਂ ਲੋਕ ਵਿਦੇਸ਼ ਜਾਂਦੇ ਹਨ, ਕੁਝ ਪੜ੍ਹਾਈ ਲਈ, ਕੁਝ ਨੌਕਰੀਆਂ ਦੀ ਭਾਲ ਵਿੱਚ, ਅਤੇ ਕੁਝ ਆਪਣੇ ਪਰਿਵਾਰਾਂ ਨਾਲ ਸੈਟਲ ਹੋਣ ਲਈ। ਪਰ ਜ਼ਰਾ ਸੋਚੋ, ਜੇਕਰ ਭਾਰਤ ਵਿੱਚ ਰਹਿਣ ਵਾਲੀ ਇੱਕ ਪਤਨੀ ਖੁਦ ਵਿਦੇਸ਼ੀ ਇਮੀਗ੍ਰੇਸ਼ਨ ਏਜੰਸੀ ਨੂੰ ਆਪਣੇ ਪਤੀ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਬੇਨਤੀ ਕਰਦੀ ਹੈ, ਤਾਂ ਇਹ ਕਿੰਨੀ ਹੈਰਾਨ ਕਰਨ ਵਾਲੀ ਗੱਲ ਹੋਵੇਗੀ?
ਅਜਿਹਾ ਹੀ ਇੱਕ ਮਾਮਲਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਸ਼ਰਣ ਅਤੇ ਗ੍ਰੀਨ ਕਾਰਡ ਵਿਆਹਾਂ ਨੂੰ ਲੈਕੇ ਇੱਕ ਨਵੀਂ ਬਹਿਸ਼ ਛੇੜ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ, ਇੱਕ ਭਾਰਤੀ ਔਰਤ ਸਮਨਪ੍ਰੀਤ ਕੌਰ ਨੇ ਅਮਰੀਕੀ ਇਮੀਗ੍ਰੇਸ਼ਨ ਏਜੰਸੀ ICE ਨੂੰ ਆਪਣੇ ਪਤੀ ਨਵਰੀਤ ਸਿੰਘ ਨੂੰ ਦੇਸ਼ ਨਿਕਾਲਾ ਦੇਣ ਦੀ ਅਪੀਲ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਪਤੀ ਨੇ ਝੂਠ ਦੇ ਆਧਾਰ 'ਤੇ ਅਮਰੀਕਾ ਵਿੱਚ ਸ਼ਰਨ ਲਈ ਸੀ ਅਤੇ ਹੁਣ ਕੈਲੀਫੋਰਨੀਆ ਦੇ ਫਰਿਜ਼ਨੋ ਵਿੱਚ ਰਹਿ ਕੇ ਕਿਸੇ ਹੋਰ ਨਾਲ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਹੈ।
ਪਤੀ ਨਵਰੀਤ ਸਿੰਘ ਨੇ 2022 ਵਿੱਚ ਅਮਰੀਕਾ ਵਿੱਚ ਸ਼ਰਣ ਲਈ ਦਾਅਵਾ ਕੀਤਾ ਸੀ, ਜਦੋਂ ਕਿ ਸਮਨਪ੍ਰੀਤ ਦੇ ਅਨੁਸਾਰ, ਉਸਨੂੰ ਭਾਰਤ ਵਿੱਚ ਕੋਈ ਖ਼ਤਰਾ ਨਹੀਂ ਸੀ। ਉਸਨੇ ਦੋਸ਼ ਲਗਾਇਆ ਕਿ ਨਵਰੀਤ ਸਿਰਫ ਪੈਸੇ ਕਮਾਉਣ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਗਿਆ ਸੀ।
ਇਸ ਕਪਲ ਦੀ ਇੱਕ 7 ਸਾਲਾਂ ਦੀ ਧੀ ਵੀ ਹੈ, ਜੋ ਸਮਨਪ੍ਰੀਤ ਨਾਲ ਭਾਰਤ ਵਿੱਚ ਰਹਿੰਦੀ ਹੈ। ਸਮਨਪ੍ਰੀਤ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਉਸ ਨੂੰ ਅਮਰੀਕਾ ਲਿਜਾਣ ਦੇ ਝੂਠੇ ਵਾਅਦਿਆਂ ਨੂੰ ਆਪਣੀ ਚੁੱਪੀ ਦਾ ਕਾਰਨ ਦੱਸਿਆ ਸੀ।
ਸੋਸ਼ਲ ਮੀਡੀਆ ਪੋਸਟ ਵਿੱਚ ਕੀਤੇ ਗਏ ਵੱਡੇ ਖੁਲਾਸੇ
ਸਮਨਪ੍ਰੀਤ ਨੇ ਇਸ ਮਾਮਲੇ ਨਾਲ ਸਬੰਧਤ ਇੱਕ ਪੋਸਟ ਵੀ ਕੀਤੀ ਹੈ। ਟਾਈਮਜ਼ ਆਫ ਇੰਡੀਆ ਦੇ ਅਨੁਸਾਰ, ਉਸ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਕਿ ਨਵਰੀਤ ਨੇ ਖੁਦ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਗ੍ਰੀਨ ਕਾਰਡ ਲਈ ਅਮਰੀਕਾ ਵਿੱਚ ਕਿਸੇ ਹੋਰ ਨਾਲ ਵਿਆਹ ਕਰਨ ਜਾ ਰਿਹਾ ਹੈ। ਸਮਨਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਕੋਲ ਨਵਰੀਤ ਦੀ ਝੂਠੀ ਸ਼ਰਣ ਦੀ ਪੂਰੀ ਜਾਣਕਾਰੀ ਅਤੇ ਸਬੂਤ ਹਨ ਅਤੇ ਜੇਕਰ ਲੋੜ ਪਈ ਤਾਂ ਉਹ ਇਸਨੂੰ ਸਾਬਤ ਕਰ ਸਕਦੀ ਹੈ।
ਸਮਨਪ੍ਰੀਤ ਨੇ ਲਿਖਿਆ, "ਜੇਕਰ ਨਵਰੀਤ ਨੇ ਸੱਚਮੁੱਚ ਵਿਆਹ ਕਰਵਾ ਲਿਆ ਹੈ ਜਾਂ ਦੁਬਾਰਾ ਵਿਆਹ ਕਰਵਾਉਣ ਜਾ ਰਿਹਾ ਹੈ, ਤਾਂ ਮੈਂ ਦੋਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੀ ਹਾਂ," ਭਾਰਤ ਅਤੇ ਅਮਰੀਕਾ ਦੋਵਾਂ ਵਿੱਚ (Bigamy) ਦੂਜਾ ਵਿਆਹ ਇੱਕ ਅਪਰਾਧ ਹੈ।
View this post on Instagram
ਸਮਨਪ੍ਰੀਤ ਨੇ ਇਹ ਵੀ ਕਿਹਾ ਕਿ "ਮੈਂ ਆਪਣੇ ਪਤੀ ਨੂੰ ਨਫ਼ਰਤ ਨਹੀਂ ਕਰਦੀ, ਪਰ ਇੱਕ ਸਿੱਖ ਪਰਿਵਾਰ ਤੋਂ ਹੋਣ ਕਰਕੇ, ਮੈਂ ਇੱਕ ਵਿਆਹ ਵਿੱਚ ਵਿਸ਼ਵਾਸ ਰੱਖਦੀ ਹਾਂ। ਜੇਕਰ ਮੇਰਾ ਪਤੀ ਖਾਲਿਸਤਾਨੀ ਹੋਣ ਦਾ ਦਾਅਵਾ ਕਰਦਾ ਹੈ, ਤਾਂ ਉਹ ਸਿੱਖ ਰੀਤੀ-ਰਿਵਾਜਾਂ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦਾ ਹੈ?"
ਇਸ ਦੇ ਨਾਲ ਹੀ, ਸਮਨਪ੍ਰੀਤ ਨੇ ਨੇਪਾਲ ਜਾਂ ਅਫਰੀਕਾ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਜਾਣ ਦੀ ਗੱਲ ਕੀਤੀ ਹੈ, ਜਿਸ ਵਿੱਚ ਉਸਨੇ ਆਪਣੇ ਪਤੀ ਨਵਰੀਤ ਨੂੰ ਵੀ ਸ਼ਾਮਲ ਕੀਤਾ ਹੈ।






















