Punjab News: 50 ਬੰਬਾਂ ਵਾਲੇ ਬਿਆਨ 'ਤੇ ਪ੍ਰਤਾਪ ਬਾਜਵਾ ਤੋਂ ਮੋਹਾਲੀ ਥਾਣੇ 'ਚ ਪੁੱਛਗਿੱਛ ਸ਼ੁਰੂ, ਕਾਂਗਰਸੀਆਂ ਨੇ ਥਾਣੇ ਦੇ ਬਾਹਰ ਸ਼ੁਰੂ ਕੀਤਾ ਪ੍ਰਦਰਸ਼ਨ
ਪ੍ਰਤਾਪ ਸਿੰਘ ਬਾਜਵਾ ਵਿਰੁੱਧ 14 ਅਪ੍ਰੈਲ ਨੂੰ ਮੋਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਬੰਬਾਂ ਸੰਬੰਧੀ ਦਿੱਤੇ ਬਿਆਨ ਲਈ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸਨੇ ਅਦਾਲਤ ਤੋਂ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ।
Punjab News: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਬੰਬਾਂ ਸੰਬੰਧੀ ਦਿੱਤੇ ਬਿਆਨ ਨੂੰ ਲੈ ਕੇ ਮੋਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਸ਼ੁਰੂ ਹੋ ਗਈ ਹੈ। ਕਾਂਗਰਸੀ ਇਸ ਗੱਲ ਤੋਂ ਨਾਰਾਜ਼ ਹਨ। ਉਹ ਪੁਲਿਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ ਹਨ। ਕਾਂਗਰਸੀਆਂ ਨੇ ਨਾਅਰਾ ਲਗਾਇਆ - "ਅਸੀਂ ਡਰੇ ਨਹੀਂ ਸੀ ਅਤੇ ਨਾ ਹੀ ਡਰਾਂਗੇ"।
ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਵਿਰੁੱਧ 14 ਅਪ੍ਰੈਲ ਨੂੰ ਮੋਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਬੰਬਾਂ ਸੰਬੰਧੀ ਦਿੱਤੇ ਬਿਆਨ ਲਈ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸਨੇ ਅਦਾਲਤ ਤੋਂ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਬਾਜਵਾ ਦਾ ਕਹਿਣਾ ਹੈ ਕਿ ਰਾਜਨੀਤੀ ਦੇ ਹਿੱਸੇ ਵਜੋਂ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਉਮੀਦ ਹੈ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਬੁੱਧਵਾਰ ਨੂੰ ਹੋਵੇਗੀ।
ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X 'ਤੇ ਪੋਸਟ ਕੀਤਾ ਹੈ ਤੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠੀਆਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਇਹ ਰਿਕਾਰਡ 'ਤੇ ਰੱਖ ਰਿਹਾ ਹਾਂ ਕਿ ਮੈਂ ਅੱਜ ਦੁਪਹਿਰ 2 ਵਜੇ ਸਾਈਬਰ ਸੈੱਲ ਜਾਵਾਂਗਾ ਅਤੇ ਆਪਣਾ ਅਧਿਕਾਰਤ ਬਿਆਨ ਦੇਵਾਂਗਾ।
The AAP government is trying to spread false rumours. I am putting this on record — I will be visiting the Cyber Cell to give my official statement today at 2 PM. pic.twitter.com/yS3P275AIx
— Partap Singh Bajwa (@Partap_Sbajwa) April 15, 2025
ਇਸ ਦੇ ਨਾਲ ਹੀ, ਆਮ ਆਦਮੀ ਪਾਰਟੀ (ਆਪ) ਦੇ ਵਰਕਰ ਵੀ ਮੋਹਾਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਹਨ। ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਇੱਥੇ ਹਨ। 'ਆਪ' ਨੇ ਨਾਅਰਾ ਦਿੱਤਾ- ਕਾਂਗਰਸ ਅੱਤਵਾਦੀਆਂ ਨਾਲ ਮਿਲੀ ਹੋਈ ਹੈ।
ਦੂਜੇ ਪਾਸੇ, ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਬਾਜਵਾ ਨੂੰ ਬੰਬਾਂ ਬਾਰੇ ਜਾਣਕਾਰੀ ਦੇ ਸਰੋਤ ਦਾ ਖੁਲਾਸਾ ਕਰਨਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਅਜਿਹੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਲੋਕਾਂ ਨੂੰ ਡਰਾਉਂਦੀ ਹੈ।






















