ਪੰਜਾਬ 'ਚ ਚੱਲ ਰਹੀ ਰਾਘਵ ਚੱਢਾ ਦੀ ਮੋਹਰ, ਕੇਜਰੀਵਾਲ ਦੇ ਇਸ਼ਾਰੇ 'ਤੇ ਸਭ ਹੋ ਰਿਹਾ: ਬਾਜਵਾ
ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ।
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਰਾਘਵ ਚੱਢਾ ਦੀ ਮੋਹਰ ਕੰਮ ਕਰਦੀ ਹੈ ਤੇ ਸਭ ਕੁਝ ਕੇਜਰੀਵਾਲ ਦੇ ਇਸ਼ਾਰੇ 'ਤੇ ਹੋ ਰਿਹਾ ਹੈ।
ਦਿੱਲੀ ਦੀ ਕਾਂਗਰਸੀ ਲੀਡਰ ਅਲਕਾ ਲਾਂਬਾ ਖਿਲਾਫ ਕੇਸ ਦਾ ਵਿਰੋਧ ਕਰਦਿਆਂ ਬਾਜਵਾ ਨੇ ਕਿਹਾ ਕਿ ਇਹ 75 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਉੱਪਰ ਕਾਰਵਾਈ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਸਭ ਕੁਝ ਕੇਜਰੀਵਾਲ ਦੇ ਇਸ਼ਾਰੇ 'ਤੇ ਹੋ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਹੁਣ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਨਹੀਂ ਕਰਨਗੇ ਪਰ ਅਪਰੈਲ ਵਿੱਚ ਹੀ 17 ਖੁਦਕੁਸ਼ੀਆਂ ਹੋਈਆਂ ਹਨ ਤੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਪੰਜਾਬ ਇਹੀ ਬਦਲਾਅ ਚਾਹੁੰਦਾ ਸੀ?
ਉਨ੍ਹਾਂ ਕਿਹਾ ਕਿ ਤੁਸੀਂ ਖੁਦ ਹੀ ਦੇਖ ਲਵੋ ਕਿ ਕੱਲ੍ਹ ਜੋ ਦਿੱਲੀ ਵਿੱਚ ਹੋਇਆ ਉਹ ਕੇਜਰੀਵਾਲ ਦੀ ਐਂਟਰੀ ਪੰਜਾਬ ਵਿੱਚ ਕਰਵਾਉਣ ਲਈ ਹੈ। ਹੁਣ ਛੇ ਮਹੀਨਿਆਂ ਬਾਅਦ ਕੇਜਰੀਵਾਲ ਨੇ ਭਗਵੰਤ ਮਾਨ ਦਾ ਬਿਸਤਰਾ ਗੋਲ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਇਕੱਠੇ ਹੋ ਕੇ ਮਜਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਪਵੇਗੀ। ਅਸੀਂ ਅਲਕਾ ਲਾਂਬਾ ਨੂੰ ਇਨਸਾਫ਼ ਦਿਵਾਵਾਂਗੇ।
ਦੱਸ ਦਈਏ ਕਿ ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੋਪੜ ਪੁਲਿਸ ਸਾਹਮਣੇ ਪੇਸ਼ ਹੋਈ ਹੈ। ਪੁਲਿਸ ਨੇ ਉਨ੍ਹਾਂ ਨੂੰ ਪੁੱਛਗਿਛ ਲਈ ਬੁਲਾਇਆ ਸੀ ਪਰ ਉਹ ਆਪਣੇ ਨਾਲ ਸੀਨੀਅਰ ਕਾਂਗਰਸੀ ਲੀਡਰਾਂ ਦੀ ਫੌਜ ਲੈ ਕੇ ਪਹੁੰਚੇ। ਉਨ੍ਹਾਂ ਨਾਲ ਜਾਣ ਵਾਲੇ ਲੀਡਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਗੁਰਕੀਰਤ ਕੋਟਲੀ, ਕੁਲਜੀਤ ਨਾਗਰਾ, ਗੁਰਪ੍ਰੀਤ ਕਾਂਗੜ ਤੇ ਕੈਪਟਨ ਸੰਦੀਪ ਸੰਧੂ ਸ਼ਾਮਲ ਹਨ।