ਐਸਆਈ ਦਿਲਬਾਗ ਸਿੰਘ ਦੇ ਘਰ ਬਾਹਰ ਆਈਈਡੀ ਲਾਉਣ ਦੇ ਮਾਮਲੇ 'ਚ ਨਿੱਤ ਨਵੇਂ ਖੁਲਾਸੇ, ਗੈਂਗਸਟਰ ਲਖਬੀਰ ਲੰਢਾ ਨਾਲ ਜੁੜੇ ਤਾਰ
ਪੁਲਿਸ ਸੂਤਰਾਂ ਮੁਤਾਬਕ ਹਰਪਾਲ ਸਿੰਘ, ਫਤਹਿਦੀਪ, ਖੁਸ਼ਹਾਲਦੀਪ ਤੇ ਰਜਿੰਦਰ ਸਿੰਘ ਚਾਰੇ 15 ਅਗਸਤ ਦੀ ਦੇਰ ਰਾਤ ਰਣਜੀਤ ਐਵਨਿਊ ਪੁੱਜੇ, ਜਿਨ੍ਹਾਂ 'ਚੋਂ ਦੋ ਜਣੇ ਕਾਲੇ ਰੰਗ ਦੀ ਆਈ-20 ਕਾਰ 'ਤੇ ਪਿੱਛੇ ਖੜ੍ਹੇ ਰਹੇ
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਬਾਹਰ ਆਈਈਡੀ ਲਾਉਣ ਦੇ ਮਾਮਲੇ 'ਚ ਪੰਜਾਬ ਪੁਲਿਸ ਦੀ ਤਫਤੀਸ਼ ਲਗਾਤਾਰ ਅੱਗੇ ਵਧ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਚਾਰ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਹੁਣ ਇਸ ਮਾਮਲੇ 'ਚ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ 'ਚ ਨਜ਼ਰਬੰਦ ਗੁਰਪ੍ਰੀਤ ਸਿੰਘ ਗੋਪੀ, ਜੋ ਫਰਾਰ ਚੱਲ ਰਹੇ ਗੈਂਗਸਟਰ ਲਖਬੀਰ ਸਿੰਘ ਲੰਢਾ ਦਾ ਕਰੀਬੀ ਹੈ, ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਰਹੀ ਹੈ।
ਦੱਸ ਦਈਏ ਕਿ ਗੁਰਪ੍ਰੀਤ ਸਿੰਘ ਗੋਪੀ 'ਤੇ ਦੋਸ਼ ਹਨ ਕਿ ਇਸ ਨੇ ਲੰਢੇ ਦੇ ਕਹਿਣ 'ਤੇ ਖੁਸ਼ਹਾਲਬੀਰ ਨੂੰ ਫੋਨ ਕਰਕੇ ਖਾਨਕੋਟ ਨੇੜਿਓਂ ਇੱਕ ਬਾਗ 'ਚੋਂ ਆਈਈਡੀ, ਜੋ ਉਥੇ ਪਹਿਲਾਂ ਤੋਂ ਰੱਖੀ ਹੋਈ ਸੀ, ਲਿਆਉਣ ਲਈ ਕਿਹਾ ਸੀ। ਪੁਲਿਸ ਸੂਤਰਾਂ ਮੁਤਾਬਕ ਲੰਢੇ ਨੇ ਗੋਇੰਦਵਾਲ ਜੇਲ੍ਹ 'ਚ ਨਜ਼ਰਬੰਦ ਗੋਪੀ ਨੂੰ ਅਜਿਹਾ ਕਰਨ ਲਈ ਕਿਹਾ ਸੀ। ਖੁਸ਼ਹਾਲਬੀਰ ਤੇ ਫਤਹਿਦੀਪ, ਦੋਵੇਂ ਜਾ ਕੇ 14 ਅਗਸਤ ਨੂੰ ਸ਼ਾਮ ਵੇਲੇ ਆਈਈਡੀ ਲੈ ਕੇ ਆਏ ਸਨ ਤੇ ਉਸੇ ਰਾਤ ਇਕ ਵਾਰ ਰਣਜੀਤ ਐਵਨਿਊ ਫਾਈਨਲ ਰੇਕੀ ਕੀਤੀ।
ਪੁਲਿਸ ਸੂਤਰਾਂ ਮੁਤਾਬਕ ਹਰਪਾਲ ਸਿੰਘ, ਫਤਹਿਦੀਪ, ਖੁਸ਼ਹਾਲਦੀਪ ਤੇ ਰਜਿੰਦਰ ਸਿੰਘ ਚਾਰੇ 15 ਅਗਸਤ ਦੀ ਦੇਰ ਰਾਤ ਰਣਜੀਤ ਐਵਨਿਊ ਪੁੱਜੇ, ਜਿਨ੍ਹਾਂ 'ਚੋਂ ਦੋ ਜਣੇ ਕਾਲੇ ਰੰਗ ਦੀ ਆਈ-20 ਕਾਰ 'ਤੇ ਪਿੱਛੇ ਖੜ੍ਹੇ ਰਹੇ ਤੇ ਦੋ ਮੁਲਜ਼ਮ ਮੋਟਰਸਾਈਕਲ 'ਤੇ ਆ ਕੇ ਆਈਈਡੀ ਲਗਾ ਕੇ ਫਰਾਰ ਹੋ ਗਏ। ਇਸ ਮਾਮਲੇ 'ਚ ਗ੍ਰਿਫਤਾਰ ਰਜਿੰਦਰ ਸਿੰਘ ਵੀ ਲਖਬੀਰ ਸਿੰਘ ਲੰਢੇ ਦਾ ਗੁਰਗਾ ਹੈ ਤੇ ਨਸ਼ਾ ਤਸਕਰੀ 'ਚ ਸ਼ਾਮਲ ਹੈ ਤੇ ਲਖਬੀਰ ਲੰਢਾ ਨੂੰ ਫਿਰੌਤੀਆਂ ਲੈਣ ਲਈ ਫੋਨ ਨੰਬਰ ਤੇ ਪਤਾ ਮੁਹੱਈਆ ਕਰਵਾਉਂਦਾ ਰਿਹਾ ਹੈ।
ਹੁਣ ਪੁਲਿਸ ਇਸ ਮਾਮਲੇ ਲੁਧਿਆਣਾ ਤੋਂ ਸ਼ਾਮ ਸੁੰਦਰ ਨਾਮ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ, ਕਿਉਂਕਿ ਇਸ ਕੇਸ 'ਚ ਜੋ ਜਿਆਦਾਤਰ ਫੋਨ ਹੋਏ ਹਨ, ਉਹ ਸਿਮ ਉਕਤ ਵਿਅਕਤੀ ਦੇ ਨਾਮ 'ਤੇ ਰਜਿਸਟਰਡ ਹੈ। ਪੰਜਾਬ ਪੁਲਿਸ ਦੀ ਟੀਮ ਰਾਜਸਥਾਨ 'ਚ ਵੀ ਇਸ ਮਾਮਲੇ 'ਚ ਛਾਪੇਮਾਰੀ ਕਰ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਆਈਈਡੀ ਲਗਾਉਣ ਤੋਂ ਬਾਅਦ ਮੁਲਜ਼ਮਾਂ ਨੇ ਹਰਵਿੰਦਰ ਸਿੰਘ ਰਿੰਦਾ ਤੇ ਲਖਬੀਰ ਸਿੰਘ ਲੰਢਾ ਨਾਲ ਗੱਲਬਾਤ ਵੀ ਕੀਤੀ। ਹੁਣ ਪੁਲਸ ਦਾ ਧਿਆਨ ਉਸ ਕੜੀ ਵੱਲ ਹੈ ਕਿ ਆਈਈਡੀ ਖਾਨਕੋਟ ਤਕ ਕਿਵੇਂ ਪੁੱਜਾ ਤੇ ਗੋਪੀ ਦੀ ਪੁੱਛਗਿੱਛ ਪੁਲਸ ਹੋਰ ਸੁਰਾਗ ਵੀ ਸਾਹਮਣੇ ਆ ਸਕਦੇ ਹਨ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਅੰਮ੍ਰਿਤਸਰ ਪੁਲਸ ਦੇ ਅਧਿਕਾਰੀ ਹਾਲੇ ਵੀ ਇਸ ਮਾਮਲੇ 'ਚ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੇ ਹਨ ਤੇ ਡੀਸੀਪੀ (ਡੀ) ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੁਲਿਸ ਦੀ ਜਾਂਚ ਜਾਰੀ ਹੈ, ਛੇਤੀ ਹੀ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਵੇਗੀ।