Sangrur By election Result 2022: ਸੀਐਮ ਭਗਵੰਤ ਮਾਨ ਦੇ ਗੜ੍ਹ 'ਚ 'ਆਪ' ਨੂੰ ਝਟਕਾ, ਸਿਮਰਨਜੀਤ ਮਾਨ ਦੀ ਵੱਡੀ ਲੀਡ
ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸਵੇਰ ਤੋਂ ਹੀ ਲੀਡ ਬਣਾਈ ਹੋਈ ਹੈ।
Sangrur By election Result 2022: ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸਵੇਰ ਤੋਂ ਹੀ ਲੀਡ ਬਣਾਈ ਹੋਈ ਹੈ। ਸਿਮਰਨਜੀਤ ਮਾਨ ਤਕਰੀਬਨ ਚਾਰ ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੂਜੇ ਨੰਬਰ 'ਤੇ ਹਨ।
ਇਸ ਤੋਂ ਇਲਾਵਾ ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ, ਚੌਥੇ ਨੰਬਰ 'ਤੇ ਭਾਜਪਾ ਦੇ ਕੇਵਲ ਢਿੱਲੋਂ ਤੇ ਪੰਜਵੇਂ ਨੰਬਰ 'ਤੇ ਅਕਾਲੀ ਦਲ ਦੀ ਕਮਲਦੀਪ ਕੌਰ ਰਾਜੋਆਣਾ ਹਨ। ਹੁਣ ਤੱਕ 4 ਲੱਖ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਅਜੇ ਲੱਖ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ।
ਇੱਥੇ 23 ਜੂਨ ਨੂੰ ਵੋਟਾਂ ਪਈਆਂ ਸਨ। ਸੰਗਰੂਰ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਰਹੀ ਹੈ। ਉਸ ਨੇ ਇੱਥੋਂ ਲਗਾਤਾਰ 2 ਵਾਰ ਰਿਕਾਰਡ ਫਰਕ ਨਾਲ ਚੋਣ ਜਿੱਤੀ। ਇਸ ਦੇ ਨਾਲ ਹੀ ਸੰਗਰੂਰ ਚੋਣ ਨਤੀਜਿਆਂ ਨੂੰ ਲੈ ਕੇ ਪੰਜਾਬ ਦੀ 100 ਦਿਨ ਪੁਰਾਣੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਭਰੋਸੇਯੋਗਤਾ ਵੀ ਦਾਅ 'ਤੇ ਲੱਗੀ ਹੋਈ ਹੈ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 7ਵੀਂ ਵਾਰ ਸੰਗਰੂਰ ਲੋਕ ਸਭ ਹਲਕੇ ਦੇ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵਜੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਿ ਫ਼ਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਨ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।