Canada: ਕੈਨੇਡਾ ਤੋਂ ਮਾੜੀ ਖਬਰ! ਪੰਜਾਬੀ ਨੌਜਵਾਨ ਨੂੰ ਸਰੀ 'ਚ ਗੋਲੀਆਂ ਦੇ ਨਾਲ ਭੁੰਨਿਆ, ਪਿੰਡ 'ਚ ਪਸਰਿਆ ਸੋਗ
ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਹਾਲ ਦੇ ਵਿੱਚ ਹੀ ਪੰਜਾਬੀ ਮੁਟਿਆਰ ਦੀ ਵੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ।

Canada Sad News: ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਖਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਾਨਸਾ ਦੇ ਗੱਭਰੂ ਲਵਦੀਪ ਸਿੰਘ ਜਿਸ ਦੀ ਉਮਰ 27 ਸਾਲ ਸੀ, ਉਹ ਕਰੀਬ ਸਾਢੇ ਸੱਤ ਸਾਲ ਪਹਿਲਾਂ ਰੁਜ਼ਗਾਰ ਲਈ ਕੈਨੇਡਾ ਆਇਆ ਸੀ। ਪਰ ਮਾਪਿਆਂ ਨੂੰ ਕੀ ਪਤਾ ਸੀ ਕਿ ਸਰੀ ਵਿੱਚ ਕੁਝ ਵਿਅਕਤੀਆਂ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਗੇ। ਮੌਤ ਦੀ ਖਬਰ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਪਸਰਿਆ (Mourning spread throughout the village) ਪਿਆ ਹੈ।
ਇਹ ਘਟਨਾ 29 ਅਪ੍ਰੈਲ ਦੀ ਹੈ, ਪਰ ਮਾਨਸਾ ਬੈਠੇ ਉਸ ਦੇ ਪਰਿਵਾਰ ਨੂੰ ਇਸ ਦਾ ਪਤਾ 2 ਮਈ ਨੂੰ ਲੱਗਿਆ। ਪਰਿਵਾਰ ਮੁਤਾਬਕ ਨੌਜਵਾਨ ਦੀ ਨਾ ਕਿਸੇ ਨਾਲ ਕੋਈ ਰੰਜਿਸ਼ ਸੀ ਤੇ ਨਾ ਕੋਈ ਝਗੜਾ। ਉਸ ਦਾ ਕਤਲ ਕਿਉਂ ਕੀਤਾ ਗਿਆ, ਇਹ ਅਜੇ ਤੱਕ ਰਾਜ਼ ਹੀ ਬਣਿਆ ਹੋਇਆ ਹੈ।
ਸੱਤ ਸਾਲ ਪਹਿਲਾਂ ਗਿਆ ਸੀ ਕੈਨੇਡਾ
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੋ ਸਰੀ (Canada) ਵਿਖੇ ਟਰਾਲਾ ਚਲਾਉਂਦਾ ਸੀ। ਲਵਦੀਪ ਦੇ ਪਿਤਾ ਬਲਦੇਵ ਸਿੰਘ ਮੰਢਾਲੀ ਵਾਸੀ ਮਾਨਸਾ ਦੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਸਾਢੇ ਸੱਤ ਸਾਲ ਪਹਿਲਾਂ ਕੈਨੇਡਾ ਗਿਆ ਸੀ।
ਅਣਪਛਾਤੇ ਵਿਅਕਤਿਆਂ ਵੱਲੋਂ ਕੀਤਾ ਗਿਆ ਹਮਲਾ
29 ਮਈ ਨੂੰ ਉਹ ਸਰੀ ਤੋਂ ਟਰਾਂਟੋ ਵੱਲ ਜਾ ਰਿਹਾ ਸੀ ਕਿ ਰਾਹ 'ਚ ਕੁੱਝ ਦੋਸਤਾਂ ਕੋਲ ਰੁਕ ਗਿਆ। ਸਵੇਰੇ ਜਦੋਂ ਉਹ ਸਰੀ 'ਚ ਸੈਰ ਕਰ ਰਿਹਾ ਸੀ ਤਾਂ ਕੁਝ ਅਣਪਛਾਤਿਆਂ ਨੇ ਉਸ ’ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਵਦੀਪ ਸਿੰਘ ਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਕੈਨੇਡਾ ਵਸਦੇ ਹਨ ਤੇ ਲਵਦੀਪ ਸਿੰਘ ਟਰਾਲਾ ਚਲਾਉਂਦਾ ਸੀ। ਪਰਿਵਾਰ ਮੁਤਾਬਕ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਤੇ ਰੰਜਿਸ਼ ਨਹੀਂ ਸੀ। ਉਸ ਦਾ ਕਤਲ ਕਿਸੇ ਰੰਜਿਸ਼ ਕਾਰਨ ਜਾਂ ਕਿਸੇ ਲੁੱਟ-ਖੋਹ ਦੀ ਨੀਅਤ ਨਾਲ ਕੀਤਾ ਗਿਆ, ਇਹ ਹਾਲੇ ਤੱਕ ਕੁਝ ਵੀ ਨਹੀਂ ਪਤਾ। ਉਨ੍ਹਾਂ ਕੈਨੇਡਾ ਸਰਕਾਰ ਤੋਂ ਇਸ ਦੀ ਜਾਂਚ ਤੇ ਕਾਤਲਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਪੁਲਿਸ (Canada Police) ਨੇ ਇਸ ਮਾਮਲੇ 'ਚ ਕੁਝ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪਿਤਾ ਨੇ ਦੱਸਿਆ ਕਿ ਉਥੋਂ ਦੀ ਪੁਲਿਸ ਨੇ ਵੀ ਉਨ੍ਹਾਂ ਤੋਂ ਕੁਝ ਜਾਣਕਾਰੀ ਲਈ ਹੈ। ਮ੍ਰਿਤਕ ਦੀ ਲਾਸ਼ ਬਾਰੇ ਅਜੇ ਤੱਕ ਉਨ੍ਹਾਂ ਨੂੰ ਕੁਝ ਨਹੀਂ ਪਤਾ। ਪਰਿਵਾਰ ਵੱਲੋਂ ਭਾਰਤ ਸਰਕਾਰ ਨੂੰ ਕੈਨੇਡਾ ਤੋਂ ਲਵਦੀਪ ਸਿੰਘ ਦੀ ਮ੍ਰਿਤਕ ਦੇਹ ਦੇਸ਼ ਲਿਆਉਣ ਲਈ ਮਦਦ ਮੰਗੀ ਗਈ ਹੈ, ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਇੱਥੇ ਹੋ ਸਕਣ।






















