ਮਰਹੂਮ ਸਿੱਧੂ ਮੂਸੇਵਾਲਾ ਦੀ ਯਾਦ 'ਚ ਉਨ੍ਹਾਂ ਦੇ ਪਿਤਾ ਨੇ ਲਗਾਇਆ ਪੌਦਾ , ਕਿਹਾ - ਟਿੱਬਿਆਂ ਦਾ ਪੁੱਤ ਟਿੱਬਿਆਂ 'ਚ ਹੀ ਸਮਾ ਗਿਆ
ਸਰਦੂਲਗੜ੍ਹ ਵਿਚ ਬਣੇ ਡੇਰਾ ਹੱਕਤਾਲਾ ਵਿੱਚ ਸਵ. ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਬਾਬੇ ਨਾਨਕ ਦਾ ਜੰਗਲ ਲਾਉਣ ਦਾ ਉਦਘਾਟਨ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਪੌਦਾ ਲਗਾਕੇ ਕੀਤਾ
ਸਰਦੂਲਗੜ੍ਹ : ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿਚ ਬਣੇ ਡੇਰਾ ਹੱਕਤਾਲਾ ਵਿੱਚ ਪੰਜਾਬੀ ਗਾਇਕ ਸਵ. ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਬਾਬੇ ਨਾਨਕ ਦਾ ਜੰਗਲ ਲਾਉਣ ਦਾ ਉਦਘਾਟਨ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਪੌਦਾ ਲਗਾਕੇ ਕੀਤਾ। ਉੱਥੇ ਵੱਖ -ਵੱਖ ਸੰਗਠਨਾਂ ਦੇ ਨੌਜਵਾਨਾਂ ਵੱਲੋਂ ਵੀ ਪੌਦੇ ਲਗਾਏ ਗਏ। ਦੱਸ ਦੇਈਏ ਕਿ ਸਿੱਧੁ ਮੂਸੇ ਵਾਲਾ ਦੀ ਅੰਤਿਮ ਅਰਦਾਸ ਮੌਕੇ ਉਹਨਾਂ ਦੀ ਮਾਤਾ ਨੇ ਸਾਰਿਆਂ ਨੂੰ ਪੌਦੇ ਲਾਉਣ ਦਾ ਸੁਨੇਹਾ ਦਿੱਤਾ ਸੀ। ਪੌਦੇ ਲਾਉਣ ਦੀ ਰਸਮ ਕਰਦਿਆਂ ਬਲਕੌਰ ਸਿੰਘ ਨੇ ਵੀ ਵਾਤਾਵਰਨ ਦੀ ਸੰਭਾਲ ਲਈ ਪੌਦੇ ਲਾਉਣ ਤੇ ਜ਼ੋਰ ਦਿੱਤਾ।
ਸਰਦੂਲਗੜ੍ਹ ਵਿਖੇ ਬਾਬੇ ਨਾਨਕ ਦਾ ਜੰਗਲ ਲਾਉਣ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਰੁੱਖ ਲਗਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ ਅਤੇ ਸਾਡੇ ਵੱਲੋਂ ਇਸ ਬਾਰੇ ਸਿੱਧੂ ਮੂਸੇਵਾਲਾ ਦੇ ਭੋਗ 'ਤੇ ਅਪੀਲ ਵੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਜੋ ਆਪਾਂ ਨੂੰ ਪਰਿਵਾਰਕ ਨੁਕਸਾਨ ਹੋਇਆ ਹੈ ,ਉਸਦੀ ਭਰਪਾਈ ਆਪਾਂ ਚੰਗੇ ਕੰਮ ਕਰਕੇ ਕਰੀਏ ਕਿਉਂਕਿ ਸਿੱਧੂ ਵੀ ਇੱਕ ਉਦਮੀ ਨੌਜਵਾਨ ਸੀ ਅਤੇ ਉਹ ਆਪਣੇ ਇਲਾਕੇ ਵਾਸਤੇ ਕਾਫੀ ਕੁਝ ਸੋਚਦਾ ਸੀ। ਉਨ੍ਹਾਂ ਕਿਹਾ ਕਿ ਇਹ ਆਪਣੀ ਬਦਕਿਸਮਤੀ ਹੈ ਕਿ ਹੈ ਆਪਾ ਮਾੜੇ ਸਿਸਟਮ ਦੀ ਭੇਂਟ ਚੜ੍ਹ ਗਏ ਅਤੇ ਮਾੜੇ ਬੰਦਿਆਂ ਦੇ ਹੱਥੇ ਚੜ੍ਹ ਕੇ ਆਪਾਂ ਨੁਕਸਾਨ ਕਰਵਾ ਲਿਆ।
ਪੌਦੇ ਲਾਉਣ ਵਾਲੇ ਨੌਜਵਾਨਾਂ ਜਗਸੀਰ ਸਿੰਘ ਅਤੇ ਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿੱਚ ਡੇਰਾ ਬਾਬਾ ਹੱਕਤਾਲਾ ਵਿਖੇ ਕਰੀਬ 2 ਏਕੜ ਜਮੀਨ 'ਤੇ ਜੰਗਲ ਲਗਾਇਆ ਗਿਆ ਹੈ, ਜਿਸ ਵਿੱਚ ਪੁਰਾਤਨ ਕਿਸਮਾਂ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਲਗਾਏ ਬੂਟਿਆਂ ਦੀ ਦੇਖਭਾਲ ਲਈ 2 ਬੰਦੇ ਰੱਖੇ ਜਾਣਗੇ ਅਤੇ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਪੌਂਦੇ ਲਗਾ ਰਹੇ ਹਾਂ ,ਜੋ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਸਾਰੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾ ਕੇ ਆਪਣਾ ਬਣਦਾ ਯੋਗਦਾਨ ਪਾਈਏ।