Bhagwant Mann: ਸੁਖਬੀਰ ਬਾਦਲ ਨੇ ਮੰਗਿਆ ਭਗਵੰਤ ਮਾਨ ਸਮੇਤ ਵਜ਼ਾਰਤ ਦਾ ਅਸਤੀਫ਼ਾ, ਪੇਸ਼ ਕੀਤੇ ਤੱਥ
ਪੰਜਾਬ ਵਿਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਹੈ। ਮਿੱਥ ਕੇ ਕਤਲ ਕਰਨਾ ਨਿੱਤ ਦਾ ਕੰਮ ਹੋ ਗਿਆ ਹੈ ਤੇ ਅੱਜ ਬਟਾਲਾ ਨੇੜੇ ਇਕ ਅਕਾਲੀ ਵਰਕਰ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਕਿਵੇਂ ਨੌਜਵਾਨਾਂ ਦੀ ਪਸੰਦ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਸੂਬੇ ਵਿਚ ਫਿਰਕੂ ਸਦਭਾਵਨਾ ਬਣਾਈ ਰੱਖਣ ਵਿਚ ਵੀ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਢੁਕਵੇਂ ਕਦਮ ਚੁੱਕ ਕੇ ਪੰਜਾਬੀਆਂ ਵਿਚ ਵਿਸ਼ਵਾਸ ਬਹਾਲ ਕਰਨ ਦੇ, ਮੁੱਖ ਮੰਤਰੀ ਆਪਣੀ ਵਜ਼ਾਰਤ ਸਮੇਤ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਗੁਜਰਾਤ ਭੱਜ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਾਂ ਪੱਖੀ ਤਬਦੀਲੀ ਵਾਸਤੇ ਆਪ ਨੂੰ ਵੱਡਾ ਫਤਵਾ ਦਿੱਤਾ ਸੀ ਨਾ ਕਿ ਸੂਬੇ ਦੇ ਸਰੋਤ ਦੇਸ਼ ਭਰ ਵਿਚ ਆਪ ਦੇ ਪ੍ਰਭਾਵ ਦਾ ਵਿਸਥਾਰ ਕਰਨ ਵਾਸਤੇ ਸੂਬੇ ਦੇ ਸਰੋਤਾਂ ਨੂੰ ਬਰਬਾਦ ਕਰਨ ਲਈ ਤੇ ਪੰਜਾਬ ਵਿਚ ਕੁਪ੍ਰਸ਼ਾਸਨ ਲਈ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹੇ ਹਾਲਾਤ ਕਦੇ ਨਹੀਂ ਬਣੇ ਕਿ ਚੁਣੀ ਹੋਈ ਸਰਕਾਰ ਆਪਣੇ ਲੋਕਾਂ ਨੂੰ ਭੁੱਲ ਗਈ ਤੇ ਸੂਬੇ ਨੂੰ ਅਰਾਜਕਤਾ ਵਿਚ ਧੱਕ ਦਿੱਤਾ।
ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਹੈ। ਮਿੱਥ ਕੇ ਕਤਲ ਕਰਨਾ ਨਿੱਤ ਦਾ ਕੰਮ ਹੋ ਗਿਆ ਹੈ ਤੇ ਅੱਜ ਬਟਾਲਾ ਨੇੜੇ ਇਕ ਅਕਾਲੀ ਵਰਕਰ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਕਿਵੇਂ ਨੌਜਵਾਨਾਂ ਦੀ ਪਸੰਦ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਪੰਜਾਬ ਪੁਲਿਸ ਇੰਟਰੈਲੀਜੈਂਸ ਦਫਤਰ ’ਤੇ ਆਰ ਪੀ ਜੀ ਹਮਲਾ ਹੋਇਆ, ਹਿੰਦੂ ਤੇ ਸਿੱਖ ਟਕਰਾਅ ਹੋਏ ਤੇ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਸੱਤਾ ਵਿਚ ਆਏ ਨੂੰ 8 ਮਹੀਨੇ ਹੋਏ ਹਨ ਪਰ ਉਸਨੇ ਸੂਬੇ ਨੂੰ 20 ਸਾਲ ਪਛਾੜ ਦਿੱਤਾ ਹੈ ਤੇ ਲੋਕਾਂ ਨੂੰ 1980 ਦਾ ਕਾਲਾ ਦੌਰ ਚੇਤੇ ਆਉਣ ਲੱਗ ਪਿਆ ਹੈ ਜੋ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਤੇ ਫਿਰਕੂ ਟਕਰਾਅ ਦੇ ਨਤੀਜੇ ਵਜੋਂ ਆਇਆਸੀ।
ਬਾਦਲ ਨੇ ਕਿਹਾ ਕਿ ਫਿਰੌਤੀਆਂ ਦੇ ਸਭਿਆਚਾਰ ਦੀ ਸੂਬੇ ਦੀਆਂ ਜੇਲ੍ਹਾਂ ਵਿਚ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਖੌਫ ਤੇ ਦਹਿਸ਼ਤ ਦਾ ਮਾਹੌਲ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਕਈ ਨਿਵੇਸ਼ਕ ਮਿਲੇ ਹਨ ਜਿਹਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਪੰਜਾਬ ਵਿਚ ਮੌਜੂਦਾ ਸਮਾਂ ਨਿਵੇਸ਼ ਲਈ ਢੁਕਵਾਂ ਨਹੀਂ ਹੈ। ਉਹਨਾਂ ਕਿਹਾ ਕਿ ਇਥੇ ਦੇ ਸਥਾਨਕ ਵਪਾਰੀ ਵੀ ਹੁਣ ਸੂਬੇ ਤੋਂ ਬਾਹਰ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ।
ਉਹਨਾਂ ਕਿਹਾ ਕਿ ਇਸ ਕਾਰਨ ਨੌਕਰੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਬੇਰੋਜ਼ਗਾਰੀ ਵਧ ਰਹੀ ਹੈ, ਜਿਸ ਬਾਰੇ ਨੌਜਵਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਕਿਵੇਂ ਉਹਨਾਂ ਨੇ ਸੂਬੇ ਵਿਚ ਖਰਾਬ ਹੋਏ ਮਾਹੌਲ ਕਾਰਨ ਉਦਯੋਗ ਬੰਦ ਹੋਣ ਨਾਲ ਆਪਣੇ ਰੋਜ਼ਗਾਰ ਗੁਆਏ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮਾੜੇ ਹਾਲਾਤਾਂ ਦਾ ਸਭ ਤੋਂ ਵੱਡਾ ਅਸਰ ਦੋ ਪ੍ਰਮੁੱਖ ਭਾਈਚਾਰਿਆਂ ਦੀ ਆਪਸੀ ਸਾਂਝ ’ਤੇ ਪਿਆ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਹੁਤ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਹੁਣ ਬੀਤੇ ਦੀ ਗੱਲ ਦਿਸਦੀ ਹੈ।
ਉਨ੍ਹਾਂ ਕਿਹਾ ਕਿ ਐਂਟੀ ਗੈਂਗਸਟਰ ਫੋਰਸ ਜਿਸਦਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਪ੍ਰਚਾਰ ਕੀਤਾ ਗਿਆ, ਪੂਰੀ ਤਰ੍ਹਾਂ ਫਲਾਪ ਸਾਬਤਹੋਈ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਵਿਚ ਗੈਂਗਸਟਰਾਂ ਦੀ ਸਰਗਰਮੀ ਵਿਚ ਵਾਧਾ ਹੋਇਆ ਹੈ ਤੇ ਇਸੇ ਕਾਰਨ ਕਤਲਾਂ ਤੇ ਫਿਰੌਤੀ ਦੀਆਂ ਘਟਨਾਵਾਂ ਵਧੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਲੁੱਟ ਖੋਹ ਤੇ ਡਾਕੇ ਵੀ ਵੱਧ ਗਏ ਹਨ ਜਿਸ ਕਾਰਨ ਆਮ ਆਦਮੀ ਪ੍ਰੇਸ਼ਾਨ ਹੈ।