ਪਾਕਿ ਸਮੱਗਲਰਾਂ ਦੀ ਨਾਪਾਕ ਹਰਕਤ: BSF ਨੇ ਬਰਾਮਦ ਕੀਤੇ ਹੈਰੋਇਨ ਦੇ 7 ਪੈਕੇਟ
Tarn Taran News: ਬੀਐੱਸਐੱਫ ਨੇ ਤਰਨਤਾਰਨ ਬਾਰਡਰ ਤੋਂ ਹੈਰੋਇਨ ਦੀ ਵੱਡੀ ਖੇਪ ਜ਼ਬਤ ਕੀਤੀ ਹੈ।
Tarn Taran News: ਪਾਕਿਸਤਾਨ ਵਿੱਚ ਬੈਠੇ ਤਸਕਰਾਂ ਅਤੇ ਅੱਤਵਾਦੀਆਂ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ ਨੇ ਨਾਕਾਮ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਗੁਰਦਾਸਪੁਰ ਸੈਕਟਰ 'ਚ ਹਥਿਆਰਾਂ ਦੀ ਖੇਪ ਮਿਲਣ ਤੋਂ ਬਾਅਦ ਹੁਣ ਬੀਐੱਸਐੱਫ ਨੇ ਤਰਨਤਾਰਨ ਬਾਰਡਰ ਤੋਂ ਹੈਰੋਇਨ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਫਿਲਹਾਲ ਬੀਐੱਸਐੱਫ ਨੇ ਖੇਪ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਜਾਂਚ ਤੋਂ ਬਾਅਦ ਹੀ ਖੇਪ ਨੂੰ ਖੋਲ੍ਹਿਆ ਜਾਵੇਗਾ।
BSF ਨੇ ਬਰਾਮਦ ਕੀਤੇ ਹੈਰੋਇਨ ਦੇ 7 ਪੈਕੇਟ
ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਨੇੜੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਜਿਸ ਦੌਰਾਨ ਸ਼ਨੀਵਾਰ ਸਵੇਰੇ ਪਾਕਿਸਤਾਨ ਵਲੋਂ ਭੇਜੀ ਗਈ ਹੈਰੋਇਨ ਦੇ 7 ਪੈਕਟ ਨੂੰ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਇਸ ਦੀ ਬਾਜ਼ਾਰੀ ਕੀਮਤ ਕਰੀਬ 49 ਕਰੋੜ ਰੁਪਏ ਹੋ ਸਕਦੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਖਾਲੜਾ ਸੈਕਟਰ ਅਧੀਨ ਆਉਂਦੇ ਬੀ.ਓ.ਪੀ ਤਾਰਾ ਸਿੰਘ ਵਿਖੇ ਬੀਐੱਸਐੱਫ਼ ਦੀ 103 ਬਟਾਲੀਅਨ ਅਤੇ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਚਲਾਏ ਗਈ ਤਲਾਸ਼ੀ ਮੁਹਿੰਮ ਦੌਰਾਨ ਸ਼ਨੀਵਾਰ ਸਵੇਰੇ 7 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ 7 ਪੈਕਟ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਵੀ ਤਲਾਸ਼ੀ ਮੁਹਿੰਮ ਜਾਰੀ ਹੈ।
ਪਿਛਲੇ ਦਿਨੀਂ ਗੁਰਦਾਸਪੁਰ ਤੋਂ ਮਿਲੇ ਸਨ ਹਥਿਆਰ
ਪਿਛਲੇ ਦੋ ਦਿਨਾਂ ਤੋਂ ਪਾਕਿਸਤਾਨ ਵਿੱਚ ਲੁਕੇ ਸ਼ਰਾਰਤੀ ਅਨਸਰ ਲਗਾਤਾਰ ਨਾਪਾਕ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ ਬੀਐੱਸਐੱਫ ਦੇ ਜਵਾਨਾਂ ਨੇ ਗੁਰਦਾਸਪੁਰ ਅਧੀਨ ਪੈਂਦੇ ਡੇਰਾ ਬਾਬਾ ਨਾਨਕ ਦੇ ਬੀਓਪੀ ਮਿਤਾਲੀ ਤੋਂ 5 ਦਰਾਮਦ ਪਿਸਤੌਲ, 91 ਗੋਲੀਆਂ ਅਤੇ 10 ਮੈਗਜ਼ੀਨ ਬਰਾਮਦ ਕੀਤੇ ਸਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਪਾਕਿਸਤਾਨ ਤੋਂ ਖੇਪ ਸਰਹੱਦ ਪਾਰ ਕੀਤੀ ਗਈ ਹੈ।
ਹੋਰ ਪੜ੍ਹੋ : Fazilka News : ਬੇਮੌਸਮੀ ਬਰਸਾਤ ਕਾਰਨ ਕਈ ਥਾਵਾਂ 'ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ,ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ