ਮਸਤੂਆਣਾ ਸਾਹਿਬ 'ਚ ਮੈਡੀਕਲ ਕਾਲਜ ਦਾ ਮੁੱਦਾ ਗਰਮਾਇਆ, CM ਭਗਵੰਤ ਮਾਨ ਦੀ ਫੇਰੀ ਮਗਰੋਂ ਭੜਕੇ ਲੋਕ, ਸ਼੍ਰੋਮਣੀ ਕਮੇਟੀ ਖਿਲਾਫ਼ 400 ਟਰੈਕਟਰਾਂ ਨਾਲ ਕੱਢਿਆ ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਤੇ ਢੀਂਡਸਾ ਪਰਿਵਾਰ ’ਤੇ ਅੜਿੱਕਾ ਡਾਹੁਣ ਦੇ ਇਲਜ਼ਾਮ ਲਾਉਣ ਮਗਰੋਂ ਮਸਤੂਆਣਾ ਸਾਹਿਬ ਮੈਡੀਕਲ ਕਾਲਜ ਨੂੰ ਲੈ ਕੇ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਨੇ ਮੈਡੀਕਲ ਕਾਲਜ ਬਣਾਉਣ ਦੇ ਹੱਕ ਵਿੱਚ ਤੇ ਸ਼੍ਰੋਮਣੀ ਕਮੇਟੀ.
Punjab News: ਮਸਤੂਆਣਾ ਸਾਹਿਬ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਨੂੰ ਲੈ ਕੇ ਮਾਮਲਾ ਗਰਨਮਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਤੇ ਢੀਂਡਸਾ ਪਰਿਵਾਰ ’ਤੇ ਅੜਿੱਕਾ ਡਾਹੁਣ ਦੇ ਇਲਜ਼ਾਮ ਲਾਉਣ ਮਗਰੋਂ ਮਸਤੂਆਣਾ ਸਾਹਿਬ ਮੈਡੀਕਲ ਕਾਲਜ ਨੂੰ ਲੈ ਕੇ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਨੇ ਮੈਡੀਕਲ ਕਾਲਜ ਬਣਾਉਣ ਦੇ ਹੱਕ ਵਿੱਚ ਤੇ ਸ਼੍ਰੋਮਣੀ ਕਮੇਟੀ ਦੇ ਵਿਰੋਧ ਵਿੱਚ ਮਸਤੂਆਣਾ ਇਲਾਕੇ ਵਿੱਚ ਵਿਸ਼ਾਲ ਟਰੈਕਟਰ ਰੈਲੀ ਕੱਢੀ। ਕਿਸਾਨਾਂ ਤੇ ਇਲਾਕੇ ਦੇ ਲੋਕਾਂ ਨੇ ਕੜਾਕੇ ਦੀ ਸਰਦੀ ਵਿੱਚ 400 ਤੋਂ ਵੱਧ ਟਰੈਕਟਰਾਂ ਨਾਲ 10 ਤੋਂ ਵੱਧ ਪਿੰਡਾਂ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਦੱਸ ਦਈਏ ਕਿ ਨਵੇਂ ਸਾਲ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਸਤੂਆਣਾ ਸਾਹਿਬ ਵਿਖੇ ਆ ਕੇ ਮੈਡੀਕਲ ਕਾਲਜ ਦੇ ਮੁੱਦੇ 'ਤੇ ਲੋਕਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਹਨ ਪਰ ਸ਼੍ਰੋਮਣੀ ਕਮੇਟੀ ਜ਼ਮੀਨ ਦੇ ਮੁੱਦੇ ਉੱਪਰ ਮੈਡੀਕਲ ਕਾਲਜ ਦੀ ਉਸਾਰੀ ਵਿੱਚ ਬੇਲੋੜੇ ਅੜਿੱਕੇ ਖੜ੍ਹੀ ਕਰ ਰਹੀ ਹੈ। ਸੀਐਮ ਮਾਨ ਦੀ ਆਮਦ ਤੋਂ ਬਾਅਦ ਇਲਾਕੇ ਦੇ ਲੋਕ ਗੁੱਸੇ ਵਿੱਚ ਨਜ਼ਰ ਆਏ। ਇਸ ਲਈ ਉਨ੍ਹਾਂ ਟਰੈਕਟਰ ਰੈਲੀ ਨਾਲ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਰੈਲੀ ਵਿੱਚ ਸ਼ਾਮਲ ਹੋਏ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੇਬੁਨਿਆਦ ਇਸ ਜ਼ਮੀਨ ’ਤੇ ਆਪਣਾ ਹੱਕ ਜਤਾ ਰਹੀ ਹੈ ਤੇ ਕਾਲਜ ਦੀ ਉਸਾਰੀ ਵਿੱਚ ਅੜਚਨ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਜਾਗਰੂਕ ਹੋ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਪ੍ਰਤੀ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਡੀਕਲ ਕਾਲਜ ਨਹੀਂ ਬਣਾਇਆ ਜਾਂਦਾ, ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਜਾਰੀ ਰਹੇਗਾ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਹਨ ਪਰ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 1925 ਵਿੱਚ ਗੁਰਦੁਆਰਾ ਐਕਟ ਅਧੀਨ ਆਈ ਸੀ। ਫਿਰ ਕਿਤੇ ਵੀ ਜਦੋਂ ਸਿੱਖ ਗੁਰਦੁਆਰਾ ਐਲਾਨਿਆ ਜਾਂਦਾ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਅਧੀਨ ਆ ਜਾਂਦਾ ਹੈ, ਪਰ ਗੁਰਦੁਆਰਾ ਗੁਰਸਾਗਰ ਮਸਤੂਆਣਾ ਅੰਗੀਠਾ ਸਾਹਿਬ ਦੀ ਜ਼ਮੀਨ ਦੀ ਫਰਦ ਵਿੱਚ ਕਿਤੇ ਵੀ ਸ਼੍ਰੋਮਣੀ ਕਮੇਟੀ ਦਾ ਨਾਂ ਨਹੀਂ ਹੈ।