Punjab Weather Report: ਹੜ੍ਹਾਂ ਤੋਂ ਮਿਲੇਗੀ ਰਾਹਤ, ਅੱਜ ਮੌਸਮ ਸਾਫ ਰਹੇਗਾ, ਦਰਿਆਵਾਂ 'ਚ ਪਾਣੀ ਦਾ ਪੱਧਰ ਘਟੇਗਾ
ਪਿਛਲੇ ਦਿਨ ਪੰਜਾਬ ਦੇ ਅੱਧੇ ਤੋਂ ਵੱਧ ਹਿੱਸਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਅੱਜ ਰਾਹਤ ਦੀ ਖਬਰ ਹੈ। ਸੂਬੇ ਵਿੱਚ ਅੱਜ ਮੌਸਮ ਸਾਫ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ 'ਚ ਮੀਂਹ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।
Punjab Weather Report: ਪਿਛਲੇ ਦਿਨ ਪੰਜਾਬ ਦੇ ਅੱਧੇ ਤੋਂ ਵੱਧ ਹਿੱਸਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਅੱਜ ਰਾਹਤ ਦੀ ਖਬਰ ਹੈ। ਸੂਬੇ ਵਿੱਚ ਅੱਜ ਮੌਸਮ ਸਾਫ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ 'ਚ ਮੀਂਹ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਇਸ ਕਾਰਨ ਦਰਿਆਵਾਂ ਦੇ ਵਧੇ ਹੋਏ ਪਾਣੀ ਦਾ ਪੱਧਰ ਪਿਛਲੇ ਸਮੇਂ ਨਾਲੋਂ ਥੋੜ੍ਹਾ ਘੱਟ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬਾਰਸ਼ ਹੋਣ ਨਾਲ ਨਦੀਆਂ-ਨਾਲਿਆਂ ਵਿੱਚ ਪਾਣੀ ਦੀ ਪੱਧਰ ਕਾਫੀ ਵਧ ਗਿਆ ਹੈ। ਇਸ ਨਾਲ ਕਈ ਇਲਾਕਿਆਂ ਵਿੱਚ ਦੁਬਾਰਾ ਪਾਣੀ ਵੀ ਭਰ ਗਿਆ ਪਰ ਹੁਣ ਰਾਹਤ ਦੀ ਖਬਰ ਹੈ। ਜੇਕਰ ਮੁੜ ਬਾਰਸ਼ ਨਾ ਹੋਈ ਤਾਂ ਪਾਣੀ ਦੀ ਪੱਧਰ ਹੇਠਾਂ ਆ ਸਕਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਘੱਗਰ ਦਰਿਆ ਦੇ ਚੜ੍ਹਨ ਤੋਂ ਬਾਅਦ ਸ਼ਨੀਵਾਰ ਅੱਧੀ ਰਾਤ ਨੂੰ ਪਟਿਆਲਾ ਦੇ ਪਿੰਡਾਂ ਵਿੱਚ ਪਾਣੀ ਦੀ ਮਾਰ ਪਈ। ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਟਿਆਲਾ ਦੇ ਭਾਗਪੁਰ ਤੇ ਨੇੜਲੇ ਪਿੰਡਾਂ ਵਿੱਚ ਪਾਣੀ ਆ ਗਿਆ। ਉਂਝ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕੀਤੇ ਜਾਣ ਕਾਰਨ ਸਥਿਤੀ ਕਾਬੂ ਹੇਠ ਰਹੀ।
ਹਾਸਲ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਰਾਤ ਨੂੰ ਡਡਵਾ ਪਿੰਡ ਵਿੱਚ ਪਾਣੀ ਵਧਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਘੱਗਰ ਨੇ ਭਾਗਪੁਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਐਸਡੀਐਮ ਪਰਲੀਨ ਕੌਰ ਬਰਾੜ ਨੇ ਰਾਤ ਸਮੇਂ ਹੀ ਮੌਕੇ ਦਾ ਚਾਰਜ ਸੰਭਾਲ ਲਿਆ। ਉਨ੍ਹਾਂ ਨਾਲ ਤਹਿਸੀਲਦਾਰ ਤੇ ਹੋਰ ਸਟਾਫ਼ ਨੇ ਪਿੰਡ ਵਿੱਚ ਪਹੁੰਚ ਕੇ ਸਥਿਤੀ ’ਤੇ ਤਿੱਖੀ ਨਜ਼ਰ ਰੱਖੀ। ਖਾਸ ਗੱਲ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਮਨਰੇਗਾ ਤਹਿਤ ਕੰਮ ਕਰਦੇ ਲੋਕ ਵੀ ਸਥਿਤੀ ਨੂੰ ਕਾਬੂ ਕਰਨ ਵਿੱਚ ਲੱਗੇ ਹੋਏ ਸਨ।
ਦੂਜੇ ਪਾਸੇ ਸਰਦੂਲਗੜ੍ਹ ਦੇ ਕਈ ਪਿੰਡ ਅਜੇ ਵੀ ਪਾਣੀ ਦੀ ਮਾਰ ਹੇਠ ਹਨ। ਸਾਧੂਗੜ੍ਹ ਵਿੱਚ ਪਾਣੀ ਥੋੜ੍ਹਾ ਘਟ ਗਿਆ ਹੈ ਪਰ ਫਿਰ ਵੀ ਇਹ ਪਿੰਡ ਚਾਰੋਂ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਦੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਭਾਰਤ ਨੇ ਸ਼ਨੀਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ। ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੇ ਸ਼ਨੀਵਾਰ ਨੂੰ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ ਤਾਂ ਉੱਥੇ ਪਾਣੀ ਭਰ ਜਾਣ ਕਾਰਨ ਸੜਕਾਂ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਦੇਖਿਆ ਗਿਆ ਹੈ। ਇਸ ਕਾਰਨ ਇਹ ਯਾਤਰਾ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।