Weather Update: ਪੰਜਾਬ 'ਚ ਘੱਟ ਬਾਰਸ਼ ਹੋਣ ਦੇ ਬਾਵਜੂਦ ਹੜ੍ਹਾਂ ਨੇ ਮਚਾਈ ਤਬਾਹੀ, ਅਗਸਤ 'ਚ 66 ਫੀਸਦੀ ਘੱਟ ਪਿਆ ਮੀਂਹ
Weather Update: ਅਗਸਤ ਮਹੀਨਾ ਖਤਮ ਹੁੰਦਿਆਂ ਹੀ ਹੀ ਮਾਨਸੂਨ ਨੇ ਵੀ ਪੰਜਾਬ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਵਾਰ ਮਾਨਸੂਨ ਨੇ ਖੂਬ ਕਹਿਰ ਮਚਾਇਆ ਹੈ। ਬਾਰਸ਼ ਨੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ।
Weather Update: ਅਗਸਤ ਮਹੀਨਾ ਖਤਮ ਹੁੰਦਿਆਂ ਹੀ ਹੀ ਮਾਨਸੂਨ ਨੇ ਵੀ ਪੰਜਾਬ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਵਾਰ ਮਾਨਸੂਨ ਨੇ ਖੂਬ ਕਹਿਰ ਮਚਾਇਆ ਹੈ। ਬਾਰਸ਼ ਨੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ। ਹੜ੍ਹਾਂ ਨੇ ਪੰਜਾਬ ਅੰਦਰ ਤਬਾਹੀ ਮਚਾਈ ਹੈ। ਸਰਕਾਰੀ ਅੰਕੜਿਆਂ ਮੁਤਾਬਕ 10000 ਕਰੋੜ ਤੋਂ ਵੱਧ ਨੁਕਸਾਨ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਬਾਰਸ਼ ਆਮ ਨਾਲੋਂ ਘੱਟ ਹੋਈ ਹੈ ਪਰ ਹੜ੍ਹਾਂ ਨੇ ਕਹਿਰ ਮਚਾਇਆ ਹੈ।
ਉਧਰ, ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਇਸ ਸਾਲ ਮਾਨਸੂਨ ਆਮ ਵਾਂਗ ਰਿਹਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਆਉਣ ਵਾਲੇ ਇੱਕ ਹਫ਼ਤੇ ਵਿੱਚ ਦਿਨ ਦੇ ਘੱਟੋ-ਘੱਟ ਤਾਪਮਾਨ ਵਿੱਚ ਦੋ ਡਿਗਰੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੇਗੀ, ਜਦੋਂਕਿ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਹੋਵੇਗੀ।
ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਇਸ ਸਾਲ 1 ਜੂਨ ਤੋਂ 31 ਅਗਸਤ ਤੱਕ 17 ਐਮਐਮ ਘੱਟ ਮੀਂਹ ਦਰਜ ਕੀਤਾ ਗਿਆ ਹੈ। ਆਮ ਤੌਰ 'ਤੇ ਇਨ੍ਹਾਂ ਦਿਨਾਂ ਦੌਰਾਨ 370.6 ਐਮਐਮ ਬਰਸਾਤ ਹੁੰਦੀ ਹੈ ਪਰ ਇਸ ਸਾਲ 353 ਐਮਐਮ ਬਰਸਾਤ ਹੋਈ। ਇਸ ਲਈ ਮਾਨਸੂਨ ਨੂੰ ਆਮ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਵਾਰ ਅਗਸਤ ਮਹੀਨੇ ਵਿੱਚ 66 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਭਾਵੇਂ ਅਗਸਤ ਮਹੀਨੇ ਵਿੱਚ ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਸੀ ਪਰ ਇਸ ਵਾਰ ਪੰਜਾਬ ਵਿੱਚ ਸਿਰਫ਼ 55.4 ਐਮਐਮ ਮੀਂਹ ਹੀ ਦਰਜ ਕੀਤਾ ਗਿਆ। ਅਗਸਤ ਮਹੀਨੇ ਵਿੱਚ ਆਮ ਵਰਖਾ 162.4 ਐਮਐਮ ਹੋਣੀ ਚਾਹੀਦੀ ਸੀ।
ਜੂਨ ਤੇ ਜੁਲਾਈ ਵਿੱਚ ਬਾਰਸ਼ ਆਮ ਨਾਲੋਂ ਵੱਧ ਰਹੀ ਹੈ। ਜੂਨ ਮਹੀਨੇ ਵਿੱਚ 21 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦੋ ਦਹਾਕਿਆਂ ਦਾ ਰਿਕਾਰਡ ਤੋੜਦੇ ਹੋਏ ਜੁਲਾਈ 'ਚ 44 ਫੀਸਦੀ ਜ਼ਿਆਦਾ ਬਾਰਸ਼ ਦਰਜ ਕੀਤੀ ਗਈ। ਜੂਨ ਮਹੀਨੇ ਵਿੱਚ 65.9 ਐਮਐਮ ਬਾਰਸ਼ ਦਰਜ ਕੀਤੀ ਗਈ, ਜਦੋਂਕਿ ਜੁਲਾਈ ਵਿੱਚ 231.8 ਐਮਐਮ ਬਾਰਸ਼ ਦਰਜ ਕੀਤੀ ਗਈ। ਜੁਲਾਈ ਮਹੀਨੇ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਸੂਬੇ ਦੇ ਇੱਕ ਦਰਜਨ ਜ਼ਿਲ੍ਹਿਆਂ ਵਿੱਚ 100 ਫੀਸਦੀ ਤੋਂ ਵੱਧ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਕੇਂਦਰ ਦੇ ਵੇਰਵਿਆਂ ਅਨੁਸਾਰ, ਜੁਲਾਈ ਵਿੱਚ ਆਮ ਤੌਰ 'ਤੇ 161.4 MM ਬਾਰਸ਼ ਹੁੰਦੀ ਹੈ।