(Source: ECI/ABP News/ABP Majha)
ਆਖਰ ਕਿਉਂ ਬਣਾਈ ਜਾ ਰਹੀ ਸੀ ਬਾਬਾ ਬਲਬੀਰ ਸਿੰਘ ਦੀ ਹੱਤਿਆ ਦੀ ਯੋਜਨਾ? ਦਿੱਲੀ ਪੁਲਿਸ ਦੇ ਐਕਸ਼ਨ ਮਗਰੋਂ ਉੱਠੇ ਸਵਾਲ
ਦਿੱਲੀ ਪੁਲਿਸ ਨੇ ਵੀਰਵਾਰ ਨੂੰ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਦਾਅਵਾ ਕੀਤਾ ਹੈ ਕਿ ਉਹ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਬਣਾ ਰਹੇ ਸੀ। ਇਸ ਮਗਰੋਂ ਚਰਚਾ ਛਿੜ ਗਈ ਹੈ ਕਿ ਆਖਰ ਇਹ ਨੌਜਵਾਨ ਨਿਹੰਗ ਮੁਖੀ ਦਾ ਕਤਲ ਕਿਉਂ ਕਰਨਾ ਚਾਹੁੰਦੇ ਸੀ।
ਚੰਡੀਗੜ੍ਹ: ਦਿੱਲੀ ਪੁਲਿਸ ਨੇ ਵੀਰਵਾਰ ਨੂੰ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਦਾਅਵਾ ਕੀਤਾ ਹੈ ਕਿ ਉਹ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਬਣਾ ਰਹੇ ਸੀ। ਇਸ ਮਗਰੋਂ ਚਰਚਾ ਛਿੜ ਗਈ ਹੈ ਕਿ ਆਖਰ ਇਹ ਨੌਜਵਾਨ ਨਿਹੰਗ ਮੁਖੀ ਦਾ ਕਤਲ ਕਿਉਂ ਕਰਨਾ ਚਾਹੁੰਦੇ ਸੀ।
ਦੱਸ ਦਈਏ ਕਿ ਡੇਢ ਦਹਾਕਾ ਪਹਿਲਾਂ ਬਾਬਾ ਬਲਬੀਰ ਸਿੰਘ ਦੇ ਚਾਰ ਪਰਿਵਾਰਕ ਮੈਂਬਰਾਂ ਦੀ ਪਟਿਆਲਾ ’ਚ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਨਿਹੰਗ ਸਿੰਘਾਂ ਦੇ ਦੋ ਧੜਿਆਂ ਵਿਚਾਲੇ ਲੜਾਈ ਕਰਕੇ ਵਾਪਰੀ ਸੀ। ਇਸ ਮਗਰੋਂ ਦਰਜਨ ਭਰ ਪੁਲਿਸ ਮੁਲਾਜ਼ਮ ਵੀ ਪੱਕੇ ਤੌਰ ’ਤੇ ਦਿੱਤੇ ਹੋਏ ਹਨ।
ਉਧਰ ਏਬੀਪੀ ਸਾਂਝਾ ਨਾਲ ਗੱਲਬਾਤ ਕਰਦੇ ਹੋਏ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ, "ਕਈ ਵਾਰ ਜਾਨ ਲੇਵਾ ਹਮਲਾ ਹੋ ਚੁੱਕਾ ਹੈ, ਸਾਡੇ ਕੁੱਲ੍ਹ 12 ਬੰਦੇ ਮਾਰੇ ਜਾ ਚੁੱਕੇ ਹਨ।ਪਰ ਸਰਕਾਰ ਵਲੋਂ ਸੁਰੱਖਿਆ ਦੇ ਪੱਖੋਂ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ।ਸਰਕਾਰ ਨੂੰ ਇਸਦਾ ਪੱਕੇ ਤੌਰ ਤੇ ਪ੍ਰਬੰਧ ਕਰਨਾ ਚਾਹੀਦਾ ਹੈ।"
ਦਰਅਸਲ ਬਾਬਾ ਬਲਬੀਰ ਸਿੰਘ ਕਈ ਦਹਾਕਿਆਂ ਤੱਕ ਬੁੱਢਾ ਦਲ ਦੇ ਮੁਖੀ ਰਹੇ ਸੰਤਾ ਸਿੰਘ ਦੇ ਅਤਿ ਕਰੀਬੀ ਬਣ ਕੇ ਵਿਚਰੇ। 21 ਸਤੰਬਰ, 2007 ਨੂੰ ਪਟਿਆਲਾ ਸਥਿਤ ਨਿਹੰਗ ਸਿੰਘਾਂ ਦੀ ਬਗੀਚੀ ’ਚ ਸੰਤਾ ਸਿੰਘ ਨੂੰ ਮਿਲਣ ਦੇ ਮਾਮਲੇ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਦੂਜੇ ਧੜੇ ਨੇ ਬਾਬਾ ਬਲਬੀਰ ਸਿੰਘ ਦੇ ਪਿਤਾ, ਦੋ ਭਰਾਵਾਂ ਤੇ ਇੱਕ ਭਤੀਜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦਕਿ ਚਾਚੇ ਨੂੰ ਜ਼ਖਮੀ ਕਰ ਦਿੱਤਾ।
ਥਾਣਾ ਸਿਵਲ ਲਾਈਨ ਪਟਿਆਲਾ ’ਚ ਦਰਜ ਕਤਲ ਕੇਸ ਵਿੱਚ 25 ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਦੀ ਜੇਲ੍ਹ ’ਚ ਹੀ ਮੌਤ ਹੋ ਗਈ ਸੀ। ਫਿਰ 2 ਜੁਲਾਈ 2016 ਨੂੰ ਅੱਠ ਨਿਹੰਗ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ, ਅਦਾਲਤ ਨੇ ਬਾਕੀਆਂ ਨੂੰ ਬਰੀ ਕਰ ਦਿੱਤਾ ਸੀ।
ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਨਿਹੰਗ ਸਿੰਘ (ਮਲਕੀਤ ਸਿੰਘ) ਵੀ ਇਸ ਕਤਲ ਕੇਸ ਵਿੱਚੋਂ ਬਰੀ ਹੋਣ ਵਾਲਿਆਂ ਵਿੱਚ ਸ਼ਾਮਲ ਸੀ। ਤਲਵੰਡੀ ਸਾਬੋ ’ਚ ਬਾਬਾ ਬਲਵੀਰ ਸਿੰਘ ਦੇ ਕਾਫਲੇ ’ਤੇ ਗੋਲੀਆਂ ਚਲਾਉਣ ਸਮੇਤ ਵਾਪਰੀ ਇੱਕ ਹੋਰ ਵੱਡੀ ਘਟਨਾ ਨਾਲ ਵੀ ਮਲਕੀਤ ਸਿੰਘ ਦਾ ਨਾਮ ਜੁੜਦਾ ਰਿਹਾ ਹੈ।