ਪੜਚੋਲ ਕਰੋ
ਅਸੀਂ ਕੌਮ ਲਈ ਆਪਾ ਕੁਰਬਾਨ ਕਰਕੇ ਉੱਚਾ ਕੌਮ ਦਾ ਨਾਮ ਚਮਕਾ ਦਿਆਂਗੇ....

ਚੰਡੀਗੜ੍ਹ :ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ-ਜਿਗਰ ਸ਼ਹੀਦ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਮੂਲ ਨਾਨਕਸ਼ਾਹੀ ਕੈਲਡੰਰ ਮੁਤਾਬਕ ਅੱਜ ਜਨਮ ਦਿਵਸ ਹੈ। ਬਾਬਾ ਜ਼ੋਰਾਵਰ ਸਿੰਘ ਦਸਮ ਪਾਤਸ਼ਾਹ ਦੇ 4 ਪੁੱਤਰਾਂ 'ਚੋਂ ਤੀਜੇ ਸਪੁੱਤਰ ਸਨ। ਬਾਬਾ ਜੀ ਦਾ ਜਨਮ 30 ਨਵੰਬਰ 1696 ਨੂੰ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ ਸੀ। ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ, ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ 'ਚ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰੂ ਘਰ ਦੇ ਪੁਰਾਣੇ ਰਸੋਈਏ ਦੀ ਗੱਦਾਰੀ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਮਾਤਾ ਗੁਜਰ ਕੌਰ ਜੀ ਸਮੇਤ ਛੋਟੇ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਲਿਆ ਸੀ, ਪਰ ਸਾਹਿਬਜ਼ਾਦੇ 6 ਸਾਲ ਤੇ 8 ਸਾਲ ਦੀ ਨੰਨੀ ਉਮਰ ਹੋਣ ਦੇ ਬਾਵਜੂਦ ਵੀ ਸੂਬੇਦਾਰ ਦੇ ਸਵਰਗਾਂ ਵਰਗੇ ਲਾਲਚ ਤੋਂ ਨਹੀਂ ਡੋਲੇ ਤੇ ਹੱਸ ਕੇ ਸ਼ਹਾਦਤ ਦਾ ਰਾਹ ਚੁਣਿਆ। ਦਸੰਬਰ 1704 ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਜਿਉਂਦੇ ਜੀਅ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਦਾ ਉਹ ਮੰਜਰ ਸੱਚਮੁੱਚ ਪੂਰੀ ਮਾਨਵਤਾ ਦੇ ਨਾਲ ਧਰਤੀ ਤੇ ਅੰਬਰ ਨੂੰ ਕੰਬਾ ਦੇਣ ਵਾਲਾ ਸੀ। ਉਸ ਜ਼ੁਲਮ ਦੀ ਇੰਤਹਾ ਨੂੰ ਦੇਖਣ-ਸੁਣਨ ਵਾਲਾ ਹਰ ਕੋਈ ਹੰਝੂ ਵੀ ਵਹਾ ਰਿਹਾ ਸੀ ਪਰ ਸਾਹਿਬਜ਼ਾਦਿਆਂ ਦਾ ਸਿਦਕ ਦੇਖ ਕੇ ਮਾਣ ਵੀ ਕਰ ਰਿਹਾ ਸੀ।
ਲਾਖੋਂ ਕੀ ਜਾਨ ਲੇ ਕੇ, ਦਲੇਰੋਂ ਨੇ ਜਾਨ ਦੀ, ਸਤਿਗੁਰੂ ਗੋਬਿੰਦ ਕੇ, ਸ਼ੇਰੋਂ ਨੇ ਜਾਨ ਦੀ।
ਛੋਟੇ ਉਮਰੇ ਵੱਡਾ ਸਾਕਾ ਕਰ ਦਿਖਾਉਣ ਕਰਕੇ ਹੀ ਸਾਹਿਬਜ਼ਾਦਿਆਂ ਨੂੰ 'ਬਾਬਾ' ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ। ਸਾਹਿਬਜ਼ਾਦੇ ਆਪਣੀ ਮਹਾਨ ਦਾਦੀ ਤੇ ਮਾਤਾ-ਪਿਤਾ ਦੇ ਪਾਲਣ ਪੋਸ਼ਣ ਹੇਠ ਸ਼ਸਤਰ ਤੇ ਸ਼ਾਸਤਰ ਵਿੱਦਿਆ ਚ ਬੜੇ ਗੁਣੀ ਸਨ। ਗੁਰੂ ਪਿਤਾ ਦਸਮੇਸ਼ ਨੇ ਆਨੰਦਪੁਰ ਸਾਹਿਬ ਵਿਖੇ ਸਿੱਖ ਫੌਜਾਂ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਸਤਰ, ਸ਼ਾਸਤਰ ਤੇ ਗੁਰਬਾਣੀ ਅਭਿਆਸ ਦੀ ਵਿੱਦਿਆ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ। ਆਨੰਦਪੁਰ ਸਾਹਿਬ ਵਿਖੇ ਚਾਰੇ ਸਾਹਿਬਜ਼ਾਦਿਆਂ ਦੀਆਂ ਸਿਖਲਾਈ ਗਤੀਵਿਧੀਆਂ ਲਈ ਵੱਖਰੀ ਰਿਹਾਇਸ਼ ਸੀ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਬਾਬਾ ਜ਼ੋਰਾਵਰ ਸਿੰਘ ਦਾ ਜਨਮ ਅਸਥਾਨ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਭੋਰਾ ਸਾਹਿਬ ਕਰਕੇ ਸੁਭਾਇਮਾਨ ਹੈ। ਗੁ. ਭੋਰਾ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ ਦੇ ਜਨਮ ਦਿਵਸ ਦੀ ਖੁਸ਼ੀ ਚ ਸਮਾਗਮ ਮਨਾਇਆ ਗਿਆ ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















