ਕੀ ਆਸਿਫ ਅਲੀ ਜਰਦਾਰੀ ਦੀ ਥਾਂ ਆਸੀਮ ਮੁਨੀਰ ਬਣਨਗੇ ਰਾਸ਼ਟਰਪਤੀ? ਸ਼ਾਹਬਾਜ਼ ਸ਼ਰੀਫ ਨੇ ਕੀਤਾ ਵੱਡਾ ਖੁਲਾਸਾ
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ 'ਤੇ ਅਸਤੀਫ਼ਾ ਦੇਣ ਦਾ ਦਬਾਅ ਬਣਿਆ ਹੋਇਆ ਹੈ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਫੀਲਡ ਮਾਰਸ਼ਲ ਅਸੀਮ ਮੁਨੀਰ ਖੁਦ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਹੁਣ ਸ਼ਾਹਬਾਜ਼ ਸ਼ਰੀਫ਼ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।

Pakistan News: ਪਾਕਿਸਤਾਨ ਦੀ ਸਿਆਸਤ ਵਿੱਚ ਖਲਬਲੀ ਮਚੀ ਹੋਈ ਹੈ। ਅਜਿਹੀਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ 'ਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਕਿਉਂਕਿ ਫੌਜ ਮੁਖੀ ਫੀਲਡ ਮਾਰਸ਼ਲ ਆਸੀਮ ਮੁਨੀਰ ਖੁਦ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਹੁਣ ਇਸ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਸ਼ਾਹਬਾਜ਼ ਸ਼ਰੀਫ਼ ਨੇ ਅਜਿਹੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਹੋਇਆਂ ਕਿਹਾ ਕਿ ਫੀਲਡ ਮਾਰਸ਼ਲ ਆਸੀਮ ਮੁਨੀਰ ਨੇ ਕਦੇ ਵੀ ਰਾਸ਼ਟਰਪਤੀ ਬਣਨ ਦੀ ਇੱਛਾ ਨਹੀਂ ਜਤਾਈ ਅਤੇ ਨਾ ਹੀ ਉਨ੍ਹਾਂ ਨੇ ਅਜਿਹੀ ਕੋਈ ਯੋਜਨਾ ਬਣਾਈ ਹੈ। ਸ਼ਾਹਬਾਜ਼ ਸ਼ਰੀਫ਼ ਨੇ ਕਦੇ ਵੀ ਕਿਸੇ ਵੀ ਮਾਮਲੇ ਵਿੱਚ ਆਸੀਮ ਮੁਨੀਰ ਦੀ ਆਲੋਚਨਾ ਨਹੀਂ ਕੀਤੀ।
ਸ਼ਾਹਬਾਜ਼ ਸ਼ਰੀਫ਼ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀਰਵਾਰ ਨੂੰ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਸ਼ਾਹਬਾਜ਼ ਸ਼ਰੀਫ਼, ਆਸਿਫ਼ ਅਲੀ ਜ਼ਰਦਾਰੀ ਅਤੇ ਆਸੀਮ ਮੁਨੀਰ ਖ਼ਿਲਾਫ਼ ਚਲਾਏ ਜਾ ਰਹੇ ਪ੍ਰਚਾਰ ਮੁਹਿੰਮ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਕੀ ਕਿਹਾ?
ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਝੂਠਾ ਪ੍ਰਚਾਰ ਕੌਣ ਕਰ ਰਿਹਾ ਹੈ। ਮੈਂ ਸਪੱਸ਼ਟ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਦੇ ਅਸਤੀਫ਼ੇ ਨੂੰ ਲੈਕੇ ਕੋਈ ਗੱਲ ਨਹੀਂ ਹੋਈ ਹੈ ਅਤੇ ਨਾ ਹੀ ਫੌਜ ਮੁਖੀ ਦੇ ਰਾਸ਼ਟਰਪਤੀ ਬਣਨ ਦਾ ਕੋਈ ਪਲਾਨ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਏਜੰਸੀਆਂ ਰਾਹੀਂ ਅਜਿਹੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਤਾਂ ਜੋ ਪਾਕਿਸਤਾਨ ਨੂੰ ਅਸਥਿਰ ਕੀਤਾ ਜਾ ਸਕੇ।
ਆਸੀਮ ਮੁਨੀਰ ਦਾ ਵਧਾਇਆ ਗਿਆ ਕਾਰਜਕਾਲ
ਜਨਰਲ ਆਸੀਮ ਮੁਨੀਰ ਨੂੰ 2022 ਵਿੱਚ 3 ਸਾਲਾਂ ਲਈ ਫੌਜ ਮੁਖੀ ਨਿਯੁਕਤ ਕੀਤਾ ਗਿਆ ਸੀ, ਪਰ ਬਾਅਦ ਵਿੱਚ ਸ਼ਾਹਬਾਜ਼ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ 5 ਸਾਲ ਤੱਕ ਵਧਾ ਦਿੱਤਾ। ਆਸਿਫ ਅਲੀ ਜ਼ਰਦਾਰੀ ਨੂੰ ਪਿਛਲੇ ਸਾਲ 5 ਸਾਲਾਂ ਲਈ ਰਾਸ਼ਟਰਪਤੀ ਵੀ ਬਣਾਇਆ ਗਿਆ ਸੀ। ਉਨ੍ਹਾਂ ਨੂੰ ਇਹ ਅਹੁਦਾ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਬਣਨ ਵਿੱਚ ਸਮਰਥਨ ਦੇਣ ਦੇ ਬਦਲੇ ਮਿਲਿਆ ਸੀ। ਤੁਹਾਨੂੰ ਦੱਸ ਦਈਏ ਕਿ ਆਸਿਫ ਅਲੀ ਜ਼ਰਦਾਰੀ ਬਿਲਾਵਲ ਭੁੱਟੋ ਦੇ ਪਿਤਾ ਹਨ, ਜੋ ਪਾਕਿਸਤਾਨ ਦੇ ਵਿਦੇਸ਼ ਮੰਤਰੀ ਰਹਿ ਚੁੱਕੇ ਹਨ।






















