ਚੀਨੀ ਰਾਸ਼ਟਰਪਤੀ ਦੀ ਤਿੱਬਤ ਫੇਰੀ ਭਾਰਤ ਲਈ ਖ਼ਤਰੇ ਦੀ ਘੰਟੀ, ਅਮਰੀਕਾ ਦੀ ਚੇਤਾਵਨੀ
ਅਮਰੀਕਾ ਦੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਿਛਲੇ ਹਫ਼ਤੇ ਤਿੱਬਤ ਦੀ ਯਾਤਰਾ ਭਾਰਤ ਲਈ ਖ਼ਤਰਾ ਹੈ।
ਵਾਸ਼ਿੰਗਟਨ: ਅਮਰੀਕਾ ਦੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਿਛਲੇ ਹਫ਼ਤੇ ਤਿੱਬਤ ਦੀ ਯਾਤਰਾ ਭਾਰਤ ਲਈ ਖ਼ਤਰਾ ਹੈ। ਸ਼ੀ ਨੇ ਪਿਛਲੇ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਨੇੜੇ ਸਥਿੱਤ ਤਿੱਬਤੀ ਸਰਹੱਦੀ ਕਸਬੇ ਨੀਯਾਂਗਚੀ ਦਾ ਰਣਨੀਤਕ ਤੌਰ 'ਤੇ ਮਹੱਤਵਪੂਰਨ ਦੌਰਾ ਕੀਤਾ ਸੀ। ਸ਼ੀ ਨੇ ਉੱਥੇ ਉੱਚ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਤਿੱਬਤ 'ਚ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਸੀ।
ਰਿਪਬਲਿਕਨ ਸੰਸਦ ਮੈਂਬਰ ਡੇਵਿਡ ਨੂਨੇਸ ਨੇ 'ਫੌਕਸ ਨਿਊਜ਼' ਨੂੰ ਦਿੱਤੀ ਇੰਟਰਵਿਊ 'ਚ ਕਿਹਾ, "ਚੀਨੀ ਤਾਨਾਸ਼ਾਹ ਸ਼ੀ ਜਿਨਪਿੰਗ ਨੇ ਪਿਛਲੇ ਹਫ਼ਤੇ ਭਾਰਤ ਦੇ ਸਰਹੱਦ ਨੇੜੇ ਤਿੱਬਤ ਦਾ ਦੌਰਾ ਕਰਕੇ ਆਪਣੀ ਜਿੱਤ ਦਾ ਦਾਅਵਾ ਕੀਤਾ। ਮੈਨੂੰ ਲੱਗਦਾ ਹੈ ਕਿ ਪਿਛਲੇ 30 ਸਾਲਾਂ 'ਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਚੀਨੀ ਤਾਨਾਸ਼ਾਹ ਤਿੱਬਤ ਆਇਆ ਹੈ। ਇੱਕ ਅਰਬ ਤੋਂ ਜ਼ਿਆਦਾ ਦੀ ਆਬਾਦੀ ਤੇ ਪਰਮਾਣੂ ਊਰਜਾ ਵਾਲੇ ਭਾਰਤ ਲਈ ਇਹ ਖ਼ਤਰੇ ਦੀ ਗੱਲ ਹੈ। ਇਹ ਭਾਰਤ ਲਈ ਖ਼ਤਰੇ ਦੀ ਗੱਲ ਹੈ ਕਿ ਉਹ ਇਕ ਵੱਡਾ ਜਲ ਪ੍ਰਾਜੈਕਟ ਵਿਕਸਿਤ ਕਰਨ ਜਾ ਰਹੇ ਹਨ, ਜਿਸ ਨਾਲ ਭਾਰਤ ਦੀ ਜਲ ਸਪਲਾਈ 'ਚ ਵਿਘਨ ਪੈ ਸਕਦਾ ਹੈ।"
ਨੀਯਾਂਗਚੀ ਦੀ ਆਪਣੀ ਯਾਤਰਾ ਦੌਰਾਨ ਸ਼ੀ ਜਿਨਪਿੰਗ ਨੇ ਬ੍ਰਹਮਪੁੱਤਰ ਨਦੀ ਘਾਟੀ 'ਚ ਵਾਤਾਵਰਣ ਦੀ ਸੰਭਾਲ ਦਾ ਮੁਆਇਨਾ ਕਰਨ ਲਈ 'ਨਿਆਂਗ ਨਦੀ ਬ੍ਰਿਜ' ਗਏ ਸਨ, ਜਿਸ ਨੂੰ ਤਿੱਬਤੀ ਭਾਸ਼ਾ 'ਚ 'ਯਾਰਲੁੰਗ ਜੰਗਬੋ' ਕਿਹਾ ਜਾਂਦਾ ਹੈ। ਨੀਯਾਂਗਚੀ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਤਿੱਬਤ ਦਾ ਇੱਕ ਸੂਬਾ ਪੱਧਰੀ ਸ਼ਹਿਰ ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਦੱਸਦਾ ਹੈ, ਜਿਸ ਦਾਅਵੇ ਨੂੰ ਭਾਰਤ ਹਮੇਸ਼ਾ ਨਕਾਰਦਾ ਰਿਹਾ ਹੈ। ਭਾਰਤ ਤੇ ਚੀਨ ਵਿਚਾਲੇ 3,488 ਕਿਲੋਮੀਟਰ ਦੀ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਸਰਹੱਦੀ ਵਿਵਾਦ ਹੈ।
ਸੰਸਦ ਮੈਂਬਰ ਨੇ ਕਿਹਾ, "ਹਕੀਕਤ ਇਹ ਹੈ ਕਿ ਚੀਨ ਅੱਗੇ ਵੱਧ ਰਿਹਾ ਹੈ ਅਤੇ (ਯੂਐਸ ਰਾਸ਼ਟਰਪਤੀ) ਜੋਅ ਬਿਡੇਨ ਦਾ ਪ੍ਰਸ਼ਾਸਨ ਉਸ ਨੂੰ ਉਹ ਹਰ ਚੀਜ਼ ਕਰਨ ਦੇ ਰਿਹਾ ਹੈ, ਜੋ ਉਹ ਚਾਹੁੰਦਾ ਹੈ।" ਚੀਨ 'ਤੇ ਤਿੱਬਤ 'ਚ ਸੱਭਿਆਚਾਰਕ ਤੇ ਧਾਰਮਿਕ ਆਜ਼ਾਦੀ ਨੂੰ ਦਬਾਉਣ ਦਾ ਦੋਸ਼ ਹੈ, ਪਰ ਚੀਨ ਦੋਸ਼ਾਂ ਨੂੰ ਨਕਾਰਦਾ ਰਿਹਾ ਹੈ। ਸ਼ੀ ਨੇ ਭਾਰਤ ਤੇ ਚੀਨ ਵਿਚਕਾਰ ਪੂਰਬੀ ਲੱਦਾਖ 'ਚ ਪਿਛਲੇ ਸਾਲ ਮਈ ਤੋਂ ਸ਼ੁਰੂ ਫ਼ੌਜੀ ਤਕਰਾਰਬਾਜ਼ੀ ਵਿਚਕਾਰ ਇਹ ਦੌਰਾ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :