ਟਰੰਪ ਨੇ ਫਿਰ ਦਿਖਾਏ ਤਿੱਖੇ ਤੇਵਰ! ਗੈਰਕਾਨੂੰਨੀ ਪ੍ਰਵਾਸੀਆਂ ਲਈ ਲਾਂਚ ਕੀਤੀ CBP Home ਐਪ, ਕਿਹਾ – ‘ਆਪਣੀ ਮਰਜ਼ੀ ਨਾਲ ਅਮਰੀਕਾ ਛੱਡੋ, ਨਹੀਂ ਤਾਂ...’
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਖਾਸ ਉਪਰਾਲਾ ਕੀਤਾ ਹੈ। ਜਿਸ ਕਰਕੇ ਟਰੰਪ ਸਰਕਾਰ ਵੱਲੋਂ CBP Home ਐਪ ਲਾਂਚ ਕੀਤੀ ਗਈ ਹੈ।

USA News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ CBP ਹੋਮ ਐਪ ਲਾਂਚ ਕਰਨ ਦੀ ਘੋਸ਼ਣਾ ਕੀਤੀ। ਇਹ ਇਕ ਐਸਾ ਪਲੇਟਫਾਰਮ ਹੈ ਜੋ ਸੰਯੁਕਤ ਰਾਜ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀਆਂ ਨੂੰ ਆਪਣੇ ਇੱਛਾ ਨਾਲ ਦੇਸ਼ ਛੱਡਣ ਦੀ ਇਜਾਜ਼ਤ ਦਿੰਦਾ ਹੈ। ਟਰੰਪ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਲੋਕ ਇਸ ਵਿਕਲਪ ਰਾਹੀਂ ਸਵੈ-ਨਿਕਾਸ ਨਹੀਂ ਕਰਦੇ, ਉਨ੍ਹਾਂ ਨੂੰ ਜ਼ਬਰਦਸਤੀ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਉੱਤੇ ਮੁੜ ਪ੍ਰਵੇਸ਼ ਕਰਨ 'ਤੇ ਜੀਵਨ ਭਰ ਦੀ ਪਾਬੰਦੀ ਲੱਗ ਸਕਦੀ ਹੈ।
ਹਾਲਾਂਕਿ ਉਨ੍ਹਾਂ ਇਸ਼ਾਰਾ ਦਿੱਤਾ ਕਿ ਜੋ ਵਿਅਕਤੀ ਆਪਣੇ ਇੱਛਾ ਨਾਲ ਦੇਸ਼ ਛੱਡਣ ਵਾਲਾ ਵਿਕਲਪ ਚੁਣਦੇ ਹਨ, ਉਨ੍ਹਾਂ ਨੂੰ ਭਵਿੱਖ ਵਿੱਚ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲਾ ਮਿਲਣ ਦਾ ਮੌਕਾ ਦਿੱਤਾ ਜਾ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਇਹ ਬਿਆਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "ਸਾਡੇ ਦੇਸ਼ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕ ਜਾਂ ਤਾਂ ਆਸਾਨ ਤਰੀਕੇ ਨਾਲ ਆਪਣੀ ਇੱਛਾ ਨਾਲ ਦੇਸ਼ ਛੱਡਣ ਦਾ ਵਿਕਲਪ ਚੁਣ ਸਕਦੇ ਹਨ ਜਾਂ ਉਨ੍ਹਾਂ ਨੂੰ ਮੁਸ਼ਕਿਲ ਤਰੀਕੇ ਨਾਲ ਬਹਿਰਖਾਸਤ ਕੀਤਾ ਜਾਵੇਗਾ, ਜੋ ਉਨ੍ਹਾਂ ਲਈ ਸੁਖਦਾਇਕ ਨਹੀਂ ਹੋਵੇਗਾ। ਬਾਈਡਨ ਸਰਕਾਰ ਨੇ CBP One ਐਪ ਦੀ ਵਰਤੋਂ ਕਰਕੇ 10 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ। ਹੁਣ ਮੇਰੀ ਸਰਕਾਰ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਆਪਣੇ ਇੱਛਾ ਨਾਲ ਦੇਸ਼ ਛੱਡਣ ਲਈ ਇੱਕ ਆਸਾਨ ਤਰੀਕਾ ਦੇਣ ਵਾਸਤੇ CBP Home ਐਪ ਲਾਂਚ ਕਰ ਰਹੀ ਹੈ।"
ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਮਿਲ ਸਕਦਾ
ਉਨ੍ਹਾਂ ਨੇ ਅੱਗੇ ਕਿਹਾ, "ਜੇਕਰ ਉਹ ਆਪਣੀ ਇੱਛਾ ਨਾਲ ਦੇਸ਼ ਛੱਡਦੇ ਹਨ, ਤਾਂ ਭਵਿੱਖ ਵਿੱਚ ਕਿਸੇ ਸਮੇਂ ਉਨ੍ਹਾਂ ਨੂੰ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਮਿਲ ਸਕਦਾ ਹੈ। ਪਰ ਜੇਕਰ ਉਹ ਇਸ ਮੌਕੇ ਦਾ ਲਾਭ ਨਹੀਂ ਲੈਂਦੇ, ਤਾਂ ਉਨ੍ਹਾਂ ਨੂੰ ਲੱਭ ਕੇ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਅਤੇ ਉਨ੍ਹਾਂ ਨੂੰ ਮੁੜ ਕਦੇ ਵੀ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ। ਤੁਸੀਂ ਮੁੜ ਕਦੇ ਵੀ ਅੰਦਰ ਨਹੀਂ ਆ ਸਕੋਗੇ।" ਟਰੰਪ ਨੇ ਇਹ ਵੀ ਦੱਸਿਆ ਕਿ CBP ਹੋਮ ਐਪ ਰਾਹੀਂ ਸਵੈ-ਨਿਕਾਸ ਕਰਵਾਉਣ ਨਾਲ ਸਰਕਾਰੀ ਸਰੋਤਾਂ ਦੀ ਬਚਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਐਪ ਹੁਣ ਸਾਰੇ ਮੋਬਾਈਲ ਐਪ ਸਟੋਰਾਂ ’ਤੇ ਮੁਫ਼ਤ ਉਪਲਬਧ ਹੈ।
ਟਰੰਪ ਪ੍ਰਸ਼ਾਸਨ ਨੂੰ ਕਰਨੀ ਪਈ ਸੀ ਆਲੋਚਨਾ ਦਾ ਸਾਹਮਣਾ
CNN ਦੀ ਰਿਪੋਰਟ ਦੇ ਅਨੁਸਾਰ, ਇਹ ਘੋਸ਼ਣਾ ਉਸ ਸਮੇਂ ਹੋਈ ਹੈ ਜਦੋਂ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ, ਪਰ ਉਨ੍ਹਾਂ ਦੀ ਪਛਾਣ ਜਾਂ ਉਨ੍ਹਾਂ ਵਿਰੁੱਧ ਸਬੂਤ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਕਾਰਨ ਪ੍ਰਵਾਸੀਆਂ ਦੇ ਪਰਿਵਾਰਾਂ ਅਤੇ ਨਾਗਰਿਕ ਅਧਿਕਾਰ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਦੀ ਕੜੀ ਆਲੋਚਨਾ ਕੀਤੀ ਗਈ। ਉਨ੍ਹਾਂ ਦਾ ਤਰਕ ਹੈ ਕਿ ਇਹ ਕਦਮ ਨਾਗਰਿਕ ਅਜ਼ਾਦੀਆਂ ਨੂੰ ਕਮਜ਼ੋਰ ਕਰ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
