ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਹਾਊਸ ਅਰੈਸਟ, ਤਖਤਾ ਪਲਟ ਦੀ ਸਾਜ਼ਿਸ਼ ਦਾ ਦੋਸ਼, ਮੱਚਿਆ ਹੜਕੰਪ
ਇਸ ਦੇਸ਼ ਦੇ ਸਾਬਕਾ ਰਾਸ਼ਟਰਪਤੀ ਵਿਰੁੱਧ ਹਾਊਸ ਅਰੇਸਟ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਉਨ੍ਹਾਂ ਉੱਤੇ ਗੰਭੀਰ ਇਲਜ਼ਾਮ ਲੱਗਾ ਹੈ। ਉਨ੍ਹਾਂ ਦੇ ਪੈਰ 'ਚ ਇਲੈਕਟ੍ਰਾਨਿਕ ਐਂਕਲ ਮਾਨੀਟਰ ਪਾਉਣਾ ਪਵੇਗਾ, ਤਾਂ ਜੋ ਉਨ੍ਹਾਂ ਦੀ ਹਰ ਚਲਣ 'ਤੇ ਨਿਗਰਾਨੀ..

ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਸੋਮਵਾਰ, 4 ਅਗਸਤ ਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਜੈਇਰ ਬੋਲਸੋਨਾਰੋ ਵਿਰੁੱਧ ਹਾਊਸ ਅਰੇਸਟ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਉਨ੍ਹਾਂ ਉੱਤੇ ਗੰਭੀਰ ਇਲਜ਼ਾਮ ਲੱਗਾ ਹੈ। ਦ ਗਾਰਡੀਅਨ ਦੀ ਰਿਪੋਰਟ ਅਨੁਸਾਰ, ਬੋਲਸੋਨਾਰੋ ਉੱਤੇ ਦੇਸ਼ ਵਿੱਚ ਤਖ਼ਤਾ ਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ ਹੈ। ਇਸ ਫੈਸਲੇ ਦੀ ਅਮਰੀਕਾ ਵੱਲੋਂ ਨਿੰਦਾ ਕੀਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਸੁਪਰੀਮ ਕੋਰਟ ਦਾ ਇਹ ਆਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਬ੍ਰਾਜ਼ੀਲ ਵਿਚਾਲੇ ਵਪਾਰਕ ਜੰਗ ਤੇਜ਼ ਹੋ ਗਈ ਹੈ।
ਜਸਟਿਸ ਅਲੈਕਜ਼ੈਂਡਰ ਡੀ ਮੋਰੇਸ ਨੇ ਆਪਣੇ ਆਦੇਸ਼ ਰਾਹੀਂ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਜੈਇਰ ਬੋਲਸੋਨਾਰੋ ਨੇ ਪਿਛਲੇ ਮਹੀਨੇ ਸੋਸ਼ਲ ਮੀਡੀਆ ਦੇ ਉਪਯੋਗ 'ਤੇ ਲਾਏ ਗਏ ਪਾਬੰਦੀ ਹੁਕਮ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੂੰ ਇਲੈਕਟ੍ਰਾਨਿਕ ਐਂਕਲ ਟੈਗ ਪਾਉਣ ਦਾ ਵੀ ਹੁਕਮ ਦਿੱਤਾ ਗਿਆ ਸੀ। ਬੋਲਸੋਨਾਰੋ ਨੇ ਆਪਣੇ ਤਿੰਨ ਸੰਸਦ ਮੈਂਬਰ ਪੁੱਤਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਅਜਿਹੀ ਸਮੱਗਰੀ ਪੋਸਟ ਕੀਤੀ, ਜੋ ਨਿਯਮਾਂ ਦੇ ਉਲਟ ਸੀ। ਇਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਉੱਤੇ ਹੋਰ ਸਖ਼ਤ ਕਾਰਵਾਈ ਹੋਈ। ਐਤਵਾਰ, 3 ਅਗਸਤ ਨੂੰ ਬੋਲਸੋਨਾਰੋ ਨੇ ਰਿਓ ਡੀ ਜਨੇਰਿਓ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਵੀ ਕੀਤਾ ਸੀ।
ਬੋਲਸੋਨਾਰੋ ਕਿੱਥੇ ਰਹਿਣਗੇ ਨਜ਼ਰਬੰਦ
ਹਾਊਸ ਅਰੇਸਟ ਦੇ ਆਦੇਸ਼ ਤੋਂ ਬਾਅਦ ਬ੍ਰਾਜ਼ੀਲ ਦੀ ਫੈਡਰਲ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਜੰਟ ਬੋਲਸੋਨਾਰੋ ਦੇ ਬ੍ਰਾਸੀਲੀਆ ਸਥਿਤ ਘਰ 'ਚ ਪਹੁੰਚ ਗਏ ਹਨ। ਉਨ੍ਹਾਂ ਨੇ ਬੋਲਸੋਨਾਰੋ ਦਾ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਿਆ ਹੈ। ਇਹ ਕਾਰਵਾਈ ਸੁਪਰੀਮ ਕੋਰਟ ਦੇ ਹੁਕਮ ਮਗਰੋਂ ਕੀਤੀ ਗਈ। ਹੁਣ ਬੋਲਸੋਨਾਰੋ ਬ੍ਰਾਸੀਲੀਆ 'ਚ ਹੀ ਨਜ਼ਰਬੰਦ ਰਹਿਣਗੇ ਅਤੇ ਉਨ੍ਹਾਂ ਨੂੰ ਕਿਤੇ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਇਸ ਮਾਮਲੇ 'ਤੇ ਅਮਰੀਕਾ ਦੀ ਵੀ ਨਜ਼ਰ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੇ ਇਕ ਬਿਆਨ 'ਚ ਜੱਜ ਦੇ ਫੈਸਲੇ ਦੀ ਨਿੰਦਾ ਕੀਤੀ ਹੈ।
ਇਲੈਕਟ੍ਰਾਨਿਕ ਐਂਕਲ ਮਾਨੀਟਰ ਨੇ ਵਧਾਈਆਂ ਬੋਲਸੋਨਾਰੋ ਦੀਆਂ ਮੁਸ਼ਕਲਾਂ
ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸਾਬਕਾ ਰਾਸ਼ਟਰਪਤੀ ਜੈਇਰ ਬੋਲਸੋਨਾਰੋ ਨੂੰ ਇਲੈਕਟ੍ਰਾਨਿਕ ਐਂਕਲ ਮਾਨੀਟਰ ਪਾਉਣਾ ਪਵੇਗਾ, ਤਾਂ ਜੋ ਉਨ੍ਹਾਂ ਦੀ ਹਰ ਚਲਣ 'ਤੇ ਨਿਗਰਾਨੀ ਰੱਖੀ ਜਾ ਸਕੇ। ਕੇਵਲ ਬੋਲਸੋਨਾਰੋ ਹੀ ਨਹੀਂ, ਉਨ੍ਹਾਂ ਦੇ 33 ਹੋਰ ਸਹਿਯੋਗੀਆਂ 'ਤੇ ਵੀ ਸਰਕਾਰ ਦੀ ਕੜੀ ਨਿਗਰਾਨੀ ਹੈ। ਇਨ੍ਹਾਂ ਸਭ ਉੱਤੇ ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਗੰਭੀਰ ਦੋਸ਼ ਲੱਗੇ ਹਨ।






















