ਇਮਰਾਨ ਦੇ ਘਰ ਦੀ ਘੇਰਾਬੰਦੀ 'ਤੇ ਉਸ ਦੀ ਭੈਣ ਨੇ ਕਿਹਾ- 'ਜੇ ਗੋਲੀ ਚਲਾਈ ਗਈ ਤਾਂ ਸਭ ਤੋਂ ਪਹਿਲਾਂ ਔਰਤਾਂ ਦੇਣਗੀਆਂ ਕੁਰਬਾਨੀ...'
Imran Khan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਘਰ ਨੂੰ ਪੁਲਿਸ ਟੀਮਾਂ ਨੇ ਘੇਰ ਲਿਆ ਹੈ। ਇਮਰਾਨ 'ਤੇ ਦੋਸ਼ ਹੈ ਕਿ ਉਸ ਨੇ 30-40 ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ। ਜਾਣੋ ਕੀ ਕਹਿਣਾ ਹੈ ਇਮਰਾਨ ਪਰਿਵਾਰ ਦਾ...
Imran Khan Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਦੇ ਘਰ ਨੂੰ ਪੁਲਿਸ ਫੋਰਸ ਨੇ ਘੇਰ ਲਿਆ ਹੈ। ਇਮਰਾਨ 'ਤੇ ਦੋਸ਼ ਹੈ ਕਿ ਉਸ ਨੇ ਲਾਹੌਰ ਦੇ ਜ਼ਮਾਨ ਪਾਰਕ ਇਲਾਕੇ 'ਚ ਸਥਿਤ ਆਪਣੇ ਘਰ 'ਚ 30-40 ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ। ਇਸ ਲਈ ਬੁੱਧਵਾਰ 17 ਮਈ ਦੀ ਦੁਪਹਿਰ ਨੂੰ ਉਥੋਂ ਦੀ ਸਰਕਾਰ ਨੇ ਇਮਰਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਦੇ ਅੰਦਰ ਉਨ੍ਹਾਂ ਅੱਤਵਾਦੀਆਂ ਨੂੰ ਸੌਂਪਿਆ ਨਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਮਰਾਨ ਅਤੇ ਉਸ ਦਾ ਪਰਿਵਾਰ ਸਰਕਾਰ ਦੇ ਇਸ ਰਵੱਈਏ ਤੋਂ ਡਰਿਆ ਹੋਇਆ ਹੈ। ਇਸ ਦੇ ਨਾਲ ਹੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖਾਨਮ ਦਾ ਬਿਆਨ ਆਇਆ ਹੈ। ਅਲੀਮਾ ਖਾਨਮ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅੰਤਰਿਮ ਸਰਕਾਰ ਅਤੇ ਪਾਕਿਸਤਾਨੀ ਫੌਜ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਡੇ ਘਰਾਂ 'ਤੇ ਗੋਲੀਆਂ ਚਲਾਈਆਂ ਗਈਆਂ ਤਾਂ ਸਭ ਤੋਂ ਪਹਿਲਾਂ ਔਰਤਾਂ ਆਪਣੀ ਜਾਨ ਕੁਰਬਾਨ ਕਰਨਗੀਆਂ। ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲੀਮਾ ਖਾਨੁਮ ਨੇ ਕਿਹਾ, "ਅਸਲੀ ਅੱਤਵਾਦੀ ਉਹ ਸਨ, ਜਿਨ੍ਹਾਂ ਨੇ ਪੀਟੀਆਈ ਸਮਰਥਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਪਰ ਇਸ ਦੇ ਉਲਟ ਪੁਲਿਸ ਨੇ ਸਾਡੇ ਘਰ ਨੂੰ ਘੇਰਾ ਪਾ ਲਿਆ ਹੈ।"
ਖ਼ਾਨ ਨੇ ਕਿਹਾ- ਇਹ ਮੈਨੂੰ ਮਾਰਨ ਦੀ ਸਾਜ਼ਿਸ਼ ਹੈ
ਪੁਲਿਸ ਦੀ ਘੇਰਾਬੰਦੀ 'ਤੇ ਵੀ ਇਮਰਾਨ ਦਾ ਬਿਆਨ ਆਇਆ ਹੈ। ਆਪਣੇ ਸਮਰਥਕਾਂ ਨੂੰ ਬੁਲਾਉਂਦੇ ਹੋਏ ਇਮਰਾਨ ਨੇ ਕਿਹਾ- ਪਹਿਲਾਂ ਉਨ੍ਹਾਂ (ਸਰਕਾਰ ਅਤੇ ਫੌਜ) ਨੇ ਸਾਡੇ ਹਜ਼ਾਰਾਂ ਵਰਕਰਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ। ਉਨ੍ਹਾਂ ਵਿੱਚੋਂ ਕੁਝ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਹੁਣ ਗ੍ਰਿਫਤਾਰੀ ਦੇ ਬਹਾਨੇ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਮੇਰਾ ਘਰ ਘਿਰਿਆ ਹੋਇਆ ਹੈ। ਜੇਕਰ ਸਾਨੂੰ ਕੁਝ ਹੁੰਦਾ ਹੈ ਤਾਂ ਫੌਜ ਜ਼ਿੰਮੇਵਾਰ ਹੋਵੇਗੀ। ਇਮਰਾਨ ਨੇ ਤਾਂ ਇੱਥੋਂ ਤੱਕ ਕਿਹਾ, 'ਸ਼ਾਇਦ ਇਹ ਮੇਰਾ ਆਖਰੀ ਟਵੀਟ ਹੋਵੇ...'
ਸਰਕਾਰ ਨੇ 24 ਘੰਟਿਆਂ ਦਾ ਦਿੱਤਾ ਹੈ ਅਲਟੀਮੇਟਮ
ਦੂਜੇ ਪਾਸੇ ਪੰਜਾਬ ਸੂਬੇ ਦੀ ਅੰਤਰਿਮ ਸਰਕਾਰ ਦੇ ਸੂਚਨਾ ਮੰਤਰੀ ਆਮਿਰ ਮੀਰ (ਕੇਅਰਟੇਕਰ) ਨੇ ਇਮਰਾਨ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਆਗੂਆਂ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ। ਮੰਤਰੀ ਆਮਿਰ ਮੀਰ ਨੇ ਕੱਲ੍ਹ ਕਿਹਾ, "ਸਰਕਾਰ ਨੂੰ ਪਤਾ ਲੱਗਾ ਹੈ ਕਿ ਲਾਹੌਰ ਵਿੱਚ ਇਮਰਾਨ ਖਾਨ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਵਿੱਚ 30-40 ਅੱਤਵਾਦੀਆਂ ਨੇ ਪਨਾਹ ਲਈ ਹੈ। ਉਨ੍ਹਾਂ ਨੂੰ ਪੁਲਿਸ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਤੁਹਾਡੇ ਕੋਲ 24 ਘੰਟੇ ਹਨ।"