India-Pak War: ਭਾਰਤ-ਪਾਕਿ ਵਿਚਾਲੇ ਜੰਗ ਰੁਕਣ ਮਗਰੋਂ ਅਮਰੀਕਾ ਦਾ ਵੱਡਾ ਦਾਅਵਾ, ਜਾਣੋ ਟਰੰਪ ਨੇ ਕਿਉਂ ਲਿਆ ਐਕਸ਼ਨ
ਭਾਰਤ-ਪਾਕਿ ਵਿਚਾਲੇ ਜੰਗ ਰੁਕਣ ਮਗਰੋਂ ਅਮਰੀਕਾ ਨੇ ਵੱਡਾ ਦਾਅਵਾ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੋਵਾਂ ਦੇਸ਼ਾਂ ਨੂੰ ਸਿੱਧੀ ਗੱਲਬਾਤ ਲਈ ਕਿਹਾ ਸੀ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਗਏ...

India-Pak War: ਭਾਰਤ-ਪਾਕਿ ਵਿਚਾਲੇ ਜੰਗ ਰੁਕਣ ਮਗਰੋਂ ਅਮਰੀਕਾ ਨੇ ਵੱਡਾ ਦਾਅਵਾ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੋਵਾਂ ਦੇਸ਼ਾਂ ਨੂੰ ਸਿੱਧੀ ਗੱਲਬਾਤ ਲਈ ਕਿਹਾ ਸੀ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਗਏ ਇੱਕ ਬਿਆਨ ਅਨੁਸਾਰ ਰਾਸ਼ਟਰਪਤੀ ਟਰੰਪ ਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਲਗਾਤਾਰ ਸਿੱਧੀ ਗੱਲਬਾਤ 'ਤੇ ਜ਼ੋਰ ਦੇ ਰਹੇ ਸਨ। ਜੰਗਬੰਦੀ ਦੇ ਫੈਸਲੇ 'ਤੇ ਵਿਦੇਸ਼ ਵਿਭਾਗ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਦੇ ਫੈਸਲੇ ਨੂੰ ਸਮਝਦਾਰੀ ਵਾਲਾ ਦੱਸਿਆ। ਇਸ ਦੇ ਨਾਲ ਹੀ ਅੱਗੇ ਗੱਲਬਾਤ ਲਈ ਆਪਣਾ ਸਮਰਥਨ ਪ੍ਰਗਟ ਕੀਤਾ।
ਜੰਗਬੰਦੀ 'ਤੇ ਟਰੰਪ ਦਾ ਦੂਜਾ ਬਿਆਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਵਿੱਚ ਲੱਖਾਂ ਲੋਕ ਮਾਰੇ ਜਾ ਸਕਦੇ ਸਨ। ਟਰੰਪ ਨੇ ਟਰੂਥ ਸੋਸ਼ਲ 'ਤੇ ਪੋਸਟ ਕੀਤਾ ਤੇ ਲਿਖਿਆ ਕਿ ਮੈਨੂੰ ਦੋਵਾਂ ਦੇਸ਼ਾਂ ਦੀ ਮਜ਼ਬੂਤ ਲੀਡਰਸ਼ਿਪ 'ਤੇ ਮਾਣ ਹੈ ਤੇ ਉਹ ਸਮਝਦਾਰ ਹਨ। ਟਰੰਪ ਨੇ ਐਲਾਨ ਕੀਤਾ ਕਿ ਉਹ ਦੋਵਾਂ ਦੇਸ਼ਾਂ ਨਾਲ ਵਪਾਰ ਵਧਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਨਾਲ ਮਿਲ ਕੇ ਲਗਪਗ 'ਹਜ਼ਾਰ ਸਾਲ' ਬਾਅਦ ਕਸ਼ਮੀਰ ਬਾਰੇ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰਨਗੇ।
ਟਰੰਪ ਦੇ ਪੁੱਤਰ ਨੇ ਪਿਉ ਦੀ ਕੀਤੀ ਤਾਰੀਫ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰ ਟਰੰਪ ਜੂਨੀਅਰ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਝਦਾਰ ਲੋਕ ਗੱਲਬਾਤ ਦੀ ਮੇਜ਼ 'ਤੇ ਹਨ ਤੇ ਅਮਰੀਕਾ ਕਾਰਨ ਦੁਨੀਆ ਇੱਕ ਸੁਰੱਖਿਅਤ ਜਗ੍ਹਾ ਹੈ। ਟਰੰਪ ਜੂਨੀਅਰ ਨੇ ਇੱਕ ਸੀਐਨਐਨ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਸ਼ਾਂਤੀ ਸਥਾਪਤ ਕਰਨ ਵਿੱਚ ਮਦਦ ਲਈ ਅਮਰੀਕਾ ਕੋਲ ਪਹੁੰਚ ਕੀਤੀ ਹੈ।
ਨੂਰਖਾਨ ਏਅਰਬੇਸ 'ਤੇ ਭਾਰਤੀ ਹਮਲੇ ਮਗਰੋਂ ਅਮਰੀਕਾ ਦਾ ਐਕਸ਼ਨ
ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਦੂਰ ਦੇ ਹਿੱਸੇ ਵਜੋਂ ਸ਼ੁੱਕਰਵਾਰ ਰਾਤ ਨੂੰ ਨੂਰਖਾਨ ਏਅਰਬੇਸ 'ਤੇ ਭਾਰਤ ਦੇ ਭਿਆਨਕ ਹਮਲੇ ਤੋਂ ਬਾਅਦ ਸਨਸਨੀ ਫੈਲ ਗਈ। ਨਿਊਯਾਰਕ ਟਾਈਮਜ਼ ਅਨੁਸਾਰ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਰਾਵਲਪਿੰਡੀ ਦੇ ਨੂਰਖਾਨ ਏਅਰਬੇਸ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ 'ਤੇ ਸਟੋਰ ਕੀਤੇ ਗਏ ਹਨ। ਇਸ ਉੱਚ ਸੁਰੱਖਿਆ ਵਾਲੀ ਥਾਂ ਨੂੰ ਪਾਕਿਸਤਾਨੀ ਰਣਨੀਤਕ ਯੋਜਨਾ ਡਿਵੀਜ਼ਨ (ਪੀਐਸਪੀਡੀ) ਕਿਹਾ ਜਾਂਦਾ ਹੈ।
ਟਾਈਮਜ਼ ਨੇ ਖੁਲਾਸਾ ਕੀਤਾ ਹੈ ਕਿ ਪੀਐਸਪੀਡੀ ਕੋਲ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਵਿੱਚੋਂ ਸਭ ਤੋਂ ਵੱਧ ਹਥਿਆਰ ਹਨ। ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵ੍ਹਾਈਟ ਹਾਊਸ ਨੂੰ ਡਰ ਸੀ ਕਿ ਪਾਕਿਸਤਾਨ ਦਾ ਪ੍ਰਮਾਣੂ ਹਥਿਆਰ ਖ਼ਤਰੇ ਵਿੱਚ ਹੈ। ਇਸ ਤੋਂ ਬਾਅਦ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਹਰਕਤ ਵਿੱਚ ਆ ਗਏ। ਉਨ੍ਹਾਂ ਤੁਰੰਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨੂੰ ਫ਼ੋਨ ਕਰਨਾ ਸ਼ੁਰੂ ਕਰ ਦਿੱਤਾ। ਵੈਂਸ ਨੇ ਪਹਿਲਾਂ ਪ੍ਰਮਾਣੂ ਭੰਡਾਰ ਬਾਰੇ ਪੁੱਛਗਿੱਛ ਕੀਤੀ
ਦੱਸ ਦਈਏ ਕਿ ਵੈਂਸ ਨੇ ਪਹਿਲਾਂ ਭਾਰਤ-ਪਾਕਿ ਟਕਰਾਅ ਬਾਰੇ ਕਿਹਾ ਸੀ ਕਿ ਇਹ ਅਮਰੀਕਾ ਦਾ ਮੁੱਦਾ ਨਹੀਂ ਹੈ ਪਰ ਜਿਵੇਂ ਹੀ ਪ੍ਰਮਾਣੂ ਖ਼ਤਰਾ ਮਹਿਸੂਸ ਹੋਇਆ, ਪੈਂਟਾਗਨ (ਅਮਰੀਕੀ ਰੱਖਿਆ ਮੰਤਰਾਲੇ) ਵਿੱਚ ਵੀ ਇਸ ਬਾਰੇ ਚਰਚਾ ਸ਼ੁਰੂ ਹੋ ਗਈ। ਇਸ ਮਗਰੋਂ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਨੂੰ ਗੱਲ਼ਬਾਤ ਲਈ ਰਾਜੀ ਕੀਤਾ।






















