ਨਦੀ ਰਾਹੀਂ ਅਮਰੀਕਾ 'ਚ ਗ਼ੈਰ-ਕਾਨੂੰਨੀ ਪ੍ਰਵੇਸ਼ ਦੀ ਕੋਸ਼ਿਸ਼, ਦਲਦਲ 'ਚ ਫਸ ਕੇ 8 ਦੀ ਮੌਤ, ਭਾਰਤੀ ਪਰਿਵਾਰ ਵੀ ਸ਼ਾਮਲ
Canada America Border: ਕੈਨੇਡੀਅਨ ਪੁਲਿਸ ਨੇ ਅਮਰੀਕਾ ਦੀ ਸਰਹੱਦ ਨੇੜੇ ਦਰਿਆ ਦੇ ਦਲਦਲ ਵਿੱਚੋਂ 8 ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਸਾਰੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
Canada America Border: ਕੈਨੇਡਾ ਤੋਂ ਨਦੀ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਭਾਰਤੀ ਪਰਿਵਾਰ ਦੇ ਮੈਂਬਰਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡੀਅਨ ਪੁਲਿਸ ਨੇ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਹ ਲੋਕ ਸੇਂਟ ਲਾਰੈਂਟ ਨਦੀ ਵਿੱਚ ਕਿਸ਼ਤੀ ਰਾਹੀਂ ਕੈਨੇਡਾ ਤੋਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਮਰਨ ਵਾਲਿਆਂ ਵਿੱਚ ਦੋ ਬੱਚੇ ਹਨ।
ਰਾਇਟਰਜ਼ ਨੇ ਕੈਨੇਡੀਅਨ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਪਹਿਲਾਂ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਜਦੋਂ ਕਿ ਦੋ ਲਾਸ਼ਾਂ ਬਾਅਦ ਵਿੱਚ ਬਰਾਮਦ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚ ਇੱਕ ਔਰਤ ਦੀ ਲਾਸ਼ ਵੀ ਹੈ, ਜਿਸ ਦੇ ਭਾਰਤੀ ਨਾਗਰਿਕ ਹੋਣ ਦਾ ਖਦਸ਼ਾ ਹੈ। ਇਹ ਲਾਸ਼ਾਂ ਵੀਰਵਾਰ (30 ਮਾਰਚ) ਨੂੰ ਕੈਨੇਡਾ-ਅਮਰੀਕਾ ਸਰਹੱਦ 'ਤੇ ਸੇਂਟ ਲਾਰੈਂਸ ਨਦੀ ਦੇ ਦਲਦਲ ਖੇਤਰ ਤੋਂ ਬਰਾਮਦ ਕੀਤੀਆਂ ਗਈਆਂ ਸਨ।
ਬੁੱਧਵਾਰ ਰਾਤ ਨੂੰ ਮੌਤ ਹੋ ਗਈ
ਪੁਲਿਸ ਰਿਪੋਰਟ ਦੇ ਅਨੁਸਾਰ, ਪਹਿਲੀ ਲਾਸ਼ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਦੇ ਕਰੀਬ ਅਮਰੀਕਾ-ਕੈਨੇਡਾ ਸਰਹੱਦ ਦੇ ਵਿਚਕਾਰ ਮੋਹੌਕ ਖੇਤਰ ਵਿੱਚ ਇੱਕ ਦਲਦਲ ਵਿੱਚੋਂ ਮਿਲੀ। ਪੁਲਿਸ ਨੇ ਵੀਰਵਾਰ ਨੂੰ 6 ਲਾਸ਼ਾਂ ਬਰਾਮਦ ਕੀਤੀਆਂ ਸਨ। ਪੁਲਿਸ ਦਾ ਮੰਨਣਾ ਹੈ ਕਿ ਇਹ ਦਰਦਨਾਕ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਹੋਵੇਗੀ। ਇਸ ਤੋਂ ਬਾਅਦ ਜਦੋਂ ਪੁਲਸ ਨੇ ਹੈਲੀਕਾਪਟਰ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਦੋ ਹੋਰ ਲਾਸ਼ਾਂ ਪਾਣੀ 'ਤੇ ਤੈਰਦੀਆਂ ਦਿਖਾਈ ਦਿੱਤੀਆਂ।
ਪੁਲਿਸ ਨੇ ਦੱਸਿਆ ਕਿ ਹੁਣ ਤੱਕ ਕੁੱਲ 8 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਰੋਮਾਨੀਅਨ ਅਤੇ ਭਾਰਤੀ ਪਰਿਵਾਰ
ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਮਰਨ ਵਾਲੇ ਦੋ ਬੱਚਿਆਂ 'ਚੋਂ ਇਕ ਦੀ ਉਮਰ ਤਿੰਨ ਸਾਲ ਤੋਂ ਘੱਟ ਹੈ। ਬੱਚੇ ਕੋਲ ਕੈਨੇਡੀਅਨ ਪਾਸਪੋਰਟ ਹੈ। ਦੂਜਾ ਬੱਚਾ ਵੀ ਕੈਨੇਡਾ ਦਾ ਨਾਗਰਿਕ ਹੈ। ਪੁਲਿਸ ਮੁਤਾਬਕ ਇਹ ਸਾਰੀਆਂ ਲਾਸ਼ਾਂ ਦੋ ਪਰਿਵਾਰਾਂ ਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਰੋਮਾਨੀਅਨ ਮੂਲ ਦਾ ਹੈ ਜਦਕਿ ਦੂਜਾ ਪਰਿਵਾਰ ਭਾਰਤੀ ਦੱਸਿਆ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ