ਪਾਕਿਸਤਾਨ ਦੀ ਸ਼ਾਹੀਨ-3 ਮਿਜ਼ਾਈਲ ਫੇਲ੍ਹ! ਆਪਣੇ ਹੀ ਮੁਲਕ 'ਚ ਕਰ ਦਿੱਤਾ ਧਮਾਕਾ, ਜਨਤਾ ਹੈਰਾਨ ਤੇ ਪ੍ਰੇਸ਼ਾਨ!
ਗੁਆਂਢੀ ਮੁਲਕ ਤੋਂ ਹੈਰਾਨ ਕਰਨ ਵਾਲਾ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿੱਥੇ ਪਾਕਿਸਤਾਨੀ ਫੌਜ ਨੇ ਪਰਮਾਣੂ ਹਥਿਆਰ ਲਿਜਾਣ ਵਿੱਚ ਸਮਰਥ ਸ਼ਾਹੀਨ-3 ਮਿਜ਼ਾਈਲ ਦਾ ਟੈਸਟ ਕੀਤਾ, ਪਰ ਇਹ ਟੈਸਟ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ। ਤੇ ਉਹ ਆਪਣੇ ਹੀ ਦੇਸ਼ 'ਚ..

ਪਾਕਿਸਤਾਨ ਨੇ ਆਪਣੀ ਫੌਜੀ ਗਤੀਵਿਧੀਆਂ ਸੰਬੰਧੀ ਹੋਰ ਵੱਡਾ ਕਦਮ ਚੁੱਕਿਆ ਹੈ। ਏਅਰ ਐਕਸਰਸਾਈਜ਼ ਤੋਂ ਬਾਅਦ ਹੁਣ ਪਾਕਿਸਤਾਨ ਨੇ ਅਰਬ ਸਾਗਰ ਖੇਤਰ ਵਿੱਚ ਮਿਜ਼ਾਈਲ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪਾਕਿ ਨੇ 23 ਜੁਲਾਈ ਤੋਂ 25 ਜੁਲਾਈ ਤੱਕ ਉੱਤਰੀ ਅਰਬ ਸਾਗਰ ਖੇਤਰ ਵਿੱਚ ਨੇਵੀ ਵੱਲੋਂ ਲਾਈਵ ਫਾਇਰਿੰਗ ਡ੍ਰਿੱਲ (ਮਿਜ਼ਾਈਲ ਫਾਇਰਿੰਗ ਅਭਿਆਸ) ਲਈ NOTAM (ਨੋਟਿਸ ਟੂ ਏਅਰਮੈਨ) ਜਾਰੀ ਕੀਤਾ ਹੈ। ਇਸਦਾ ਅਰਥ ਹੈ ਕਿ ਇਨ੍ਹਾਂ ਤਾਰੀਖਾਂ ਦੌਰਾਨ ਇਸ ਖੇਤਰ ਵਿੱਚ ਹਵਾਈ ਤੇ ਸਮੁੰਦਰੀ ਆਵਾਜਾਈ ਪ੍ਰਭਾਵਿਤ ਰਹੇਗੀ।
ਲੋਕਾਂ ਵਿੱਚ ਦਹਿਸ਼ਤ ਫੈਲ ਗਈ
ਹਾਲ ਹੀ ਵਿੱਚ ਪਾਕਿਸਤਾਨੀ ਫੌਜ ਨੇ ਪਰਮਾਣੂ ਹਥਿਆਰ ਲਿਜਾਣ ਵਿੱਚ ਸਮਰਥ ਸ਼ਾਹੀਨ-3 ਮਿਜ਼ਾਈਲ ਦਾ ਟੈਸਟ ਕੀਤਾ, ਪਰ ਇਹ ਟੈਸਟ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ। ਮਿਜ਼ਾਈਲ ਆਪਣੇ ਟੀਚੇ ਤੋਂ ਭਟਕ ਗਈ ਅਤੇ ਡੇਰਾ ਗਾਜੀ ਖਾਨ (ਪੰਜਾਬ ਸੂਬਾ) ਵਿੱਚ ਇਕ ਪਰਮਾਣੂ ਸੈਂਟਰ ਨੇੜੇ ਵਿਸਫੋਟ ਹੋ ਗਿਆ। ਇਸ ਦਾ ਮਲਬਾ ਬਲੋਚਿਸਤਾਨ ਦੇ ਡੇਰਾ ਬੁਗਟੀ ਜ਼ਿਲ੍ਹੇ ਦੇ ਮੱਟ ਖੇਤਰ ਵਿੱਚ ਜਾ ਡਿੱਗਿਆ, ਜੋ ਕਿ ਆਮ ਲੋਕਾਂ ਦੀ ਆਬਾਦੀ ਤੋਂ ਸਿਰਫ਼ 500 ਮੀਟਰ ਦੂਰ ਸੀ। ਲੂਪ ਸਿਹਰਾਨੀ ਲੇਵੀ ਸਟੇਸ਼ਨ ਦੇ ਨੇੜੇ ਗਰੇਪਨ ਰੈਵਾਈਨ ਵਿੱਚ ਡਿੱਗਾ ਇਹ ਮਲਬਾ ਤੇਜ਼ ਧਮਾਕੇ ਦਾ ਕਾਰਨ ਬਣਿਆ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਪਾਕਿਸਤਾਨ ਦੀ ਮਿਜ਼ਾਈਲ ਸਮਰਥਾ 'ਤੇ ਸਵਾਲ
ਇਸ ਹਾਦਸੇ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਇਸ ਖੇਤਰ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ, ਮੀਡੀਆ ਕਵਰੇਜ਼ 'ਤੇ ਰੋਕ ਲਗਾ ਦਿੱਤੀ ਅਤੇ ਨਾਗਰਿਕਾਂ ਨੂੰ ਘਰਾਂ ਵਿੱਚ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ। ਇਹ ਘਟਨਾ ਨਾ ਸਿਰਫ਼ ਪਾਕਿਸਤਾਨ ਦੀ ਮਿਜ਼ਾਈਲ ਸਮਰਥਾ 'ਤੇ ਸਵਾਲ ਚੁੱਕਦੀ ਹੈ, ਸਗੋਂ ਬਲੋਚਿਸਤਾਨ ਵਿੱਚ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਵਧਾ ਦਿੰਦੀ ਹੈ।
ਸ਼ਾਹੀਨ-3 ਮਿਜ਼ਾਈਲ ਕੀ ਹੈ?
ਸ਼ਾਹੀਨ-3 ਪਾਕਿਸਤਾਨ ਦੀ ਸਭ ਤੋਂ ਵੱਧ ਦੂਰੀ ਤੱਕ ਮਾਰ ਕਰਨ ਵਾਲੀ ਸਤਹ ਤੋਂ ਸਤਹ 'ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਹੈ, ਜਿਸ ਦੀ ਰੇਂਜ ਲਗਭਗ 2750 ਕਿਲੋਮੀਟਰ ਹੈ। ਇਹ ਮਿਜ਼ਾਈਲ ਪਰਮਾਣੂ ਹਥਿਆਰ ਲਿਜਾਣ ਸਮਰਥ ਹੈ ਅਤੇ ਇਸ ਦਾ ਨਿਰਮਾਣ 2000 ਦੇ ਦਹਾਕੇ ਵਿੱਚ ਚੀਨ ਦੀ ਤਕਨੀਕੀ ਮਦਦ ਨਾਲ ਕੀਤਾ ਗਿਆ ਸੀ। ਪਾਕਿਸਤਾਨ ਇਸਨੂੰ ਭਾਰਤ ਦੇ ਰਣਨੀਤਿਕ ਜਵਾਬ ਵਜੋਂ ਵੇਖਦਾ ਹੈ, ਪਰ ਲਗਾਤਾਰ ਫੇਲ੍ਹ ਟੈਸਟ ਇਸ ਦੀ ਭਰੋਸੇਯੋਗਤਾ 'ਤੇ ਗੰਭੀਰ ਸਵਾਲ ਚੁੱਕਦੇ ਹਨ।






















