Pakistan Train Accident: ਪਾਕਿਸਤਾਨ 'ਚ ਭਿਆਨਕ ਰੇਲ ਹਾਦਸਾ, 10 ਬੋਗੀਆਂ ਲੀਹੋਂ ਲੱਥੀਆਂ, 15 ਦੀ ਮੌਤ, 50 ਜ਼ਖਮੀ
Pakistan Train Accident News: ਪਾਕਿਸਤਾਨ ਦੇ ਸ਼ਹਿਜ਼ਾਦਪੁਰ ਅਤੇ ਨਵਾਬਸ਼ਾਹ ਦੇ ਵਿਚਕਾਰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਜਿਸ ਵਿੱਚ 15 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ।
Pakistan Train Accident: ਪਾਕਿਸਤਾਨ ਦੇ ਸ਼ਹਿਜ਼ਾਦਪੁਰ ਅਤੇ ਨਵਾਬਸ਼ਾਹ ਵਿਚਕਾਰ ਐਤਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਜਿਸ ਵਿੱਚ ਹਜ਼ਾਰਾ ਐਕਸਪ੍ਰੈਸ ਦੀਆਂ ਕਰੀਬ 10 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ 'ਚ ਕੁੱਲ 15 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਟਰੇਨ ਕਰਾਚੀ ਤੋਂ ਪੰਜਾਬ ਜਾ ਰਹੀ ਸੀ, ਜਦੋਂ ਇਹ ਹਾਦਸੇ ਦਾ ਸ਼ਿਕਾਰ ਹੋ ਗਈ।
ਪਾਕਿਸਤਾਨ ਰੇਡੀਓ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਨਵਾਬਸ਼ਾਹ ਦੇ ਸਰਹਾਰੀ ਰੇਲਵੇ ਸਟੇਸ਼ਨ ਨੇੜੇ ਹਜ਼ਾਰਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਜਦਕਿ ਦਰਜਨਾਂ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਅਜੇ ਵਧ ਸਕਦੀ ਹੈ।
ਖਬਰਾਂ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਨਵਾਬਸ਼ਾਹ ਦੇ ਪੀਪਲਜ਼ ਮੈਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਡਾਨ ਨਿਊਜ਼ ਟੀਵੀ ਦੀ ਰਿਪੋਰਟ ਮੁਤਾਬਕ ਟਰੇਨ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ।
ਰਾਹਤ ਅਤੇ ਬਚਾਅ ਕਾਰਜ ਜਾਰੀ ਹਨ
ਲਾਹੌਰ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੇਲਵੇ ਅਤੇ ਹਵਾਬਾਜ਼ੀ ਮੰਤਰੀ ਖਵਾਜਾ ਸਾਦ ਰਫੀਕ ਨੇ ਕਿਹਾ ਕਿ ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਦੱਸਦੀਆਂ ਹਨ ਕਿ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਹ ਹਾਦਸਾ ਬਹੁਤ ਦੁਖਦ ਹੈ। ਇਸ ਸਮੇਂ ਪ੍ਰਭਾਵਿਤ ਲੋਕਾਂ ਦੀ ਜਾਨ ਬਚਾਉਣ ਦੀ ਪਹਿਲ ਹੈ। ਇਸ ਤੋਂ ਬਾਅਦ ਘਟਨਾ ਦੀ ਜਾਂਚ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਦੁੱਖ ਦਾ ਕੀਤਾ ਪ੍ਰਗਟਾਵਾ
ਇਸ ਦੌਰਾਨ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਘਟਨਾ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਾਬਸ਼ਾਹ ਦੇ ਡਿਪਟੀ ਕਮਿਸ਼ਨਰ ਨੂੰ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਪਿਛਲੇ ਕੁਝ ਸਮੇਂ 'ਚ ਰੇਲ ਹਾਦਸਿਆਂ 'ਚ ਵਾਧਾ ਹੋਇਆ ਹੈ। ਪਾਕਿਸਤਾਨ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਕਈ ਵੱਡੇ ਰੇਲ ਹਾਦਸੇ ਹੋਏ ਹਨ।