ਪਾਕਿਸਤਾਨ ‘ਚ ਮੁੜ ਵਿਗੜੇ ਹਲਾਤ ! ਦੇਖਦੇ ਹੀ ਗੋਲ਼ੀ ਮਾਰਨ ਦੇ ਦਿੱਤੇ ਹੁਕਮ, 6 ਸੁਰੱਖਿਆ ਮੁਲਾਜ਼ਮਾਂ ਦੀ ਮੌਤ, 100 ਤੋਂ ਵੱਧ ਮੁਲਾਜ਼ਮ ਜ਼ਖ਼ਮੀ, ਜਾਣੋ ਪੂਰਾ ਮਾਮਲਾ ?
Pakistan Protests: ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਾਕਿਸਤਾਨ ਵਿੱਚ ਭੜਕੀ ਹਿੰਸਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਰੇਂਜਰਾਂ ਉੱਤੇ ਹਮਲਾ ਕੀਤਾ। ਇਸ 'ਚ 6 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ।
Violence In Pakistan: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਾਕਿਸਤਾਨ 'ਚ ਹਾਲਾਤ ਵਿਗੜਦੇ ਜਾ ਰਹੇ ਹਨ। ਸੈਂਕੜੇ ਸਮਰਥਕ ਇਸਲਾਮਾਬਾਦ ਵਿਚ ਦਾਖਲ ਹੋ ਗਏ ਹਨ ਤੇ ਹਿੰਸਾ ਵਿਚ ਸ਼ਾਮਲ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸ਼੍ਰੀਨਗਰ ਹਾਈਵੇਅ 'ਤੇ ਸੁਰੱਖਿਆ ਰੇਂਜਰਾਂ ਨੂੰ ਵਾਹਨਾਂ ਨਾਲ ਕੁਚਲ ਦਿੱਤਾ, ਜਿਸ ਦੇ ਨਤੀਜੇ ਵਜੋਂ ਚਾਰ ਪੈਰਾਟ੍ਰੋਪਰਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹਿੰਸਾ 'ਚ ਹੁਣ ਤੱਕ 6 ਸੁਰੱਖਿਆ ਕਰਮਚਾਰੀ ਮਾਰੇ ਜਾ ਚੁੱਕੇ ਹਨ ਅਤੇ 100 ਤੋਂ ਜ਼ਿਆਦਾ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਹਨ। ਸਥਿਤੀ 'ਤੇ ਕਾਬੂ ਪਾਉਣ ਲਈ ਧਾਰਾ 245 ਤਹਿਤ ਫੌਜ ਨੂੰ ਬੁਲਾਇਆ ਗਿਆ ਹੈ ਤੇ ਦੇਖਦੇ ਹੀ ਦੇਖਦੇ ਗੋਲੀ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਖੈਬਰ ਪਖਤੂਨਖਵਾ ਤੋਂ ਪ੍ਰਦਰਸ਼ਨਕਾਰੀ ਡੀ-ਚੌਕ ਵੱਲ ਵਧ ਰਹੇ ਹਨ ਜੋ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦਫਤਰ ਅਤੇ ਸੰਸਦ ਵਰਗੀਆਂ ਪ੍ਰਮੁੱਖ ਇਮਾਰਤਾਂ ਦੇ ਨੇੜੇ ਹੈ। ਪ੍ਰਦਰਸ਼ਨਕਾਰੀਆਂ ਨੇ ਭਾਰੀ ਮਸ਼ੀਨਰੀ ਦੀ ਮਦਦ ਨਾਲ ਸ਼ਿਪਿੰਗ ਕੰਟੇਨਰਾਂ ਤੇ ਬੈਰੀਕੇਡਾਂ ਨੂੰ ਹਟਾ ਦਿੱਤਾ। ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਤੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਦੀ ਅਗਵਾਈ ਹੇਠ ਮਾਰਚ ਜਾਰੀ ਹੈ। ਪ੍ਰਦਰਸ਼ਨਕਾਰੀ ਸ਼ਾਂਤਮਈ ਪ੍ਰਦਰਸ਼ਨ ਦਾ ਦਾਅਵਾ ਕਰ ਰਹੇ ਹਨ, ਪਰ ਹਿੰਸਾ ਵਧ ਰਹੀ ਹੈ।
ਹੁਣ ਤੱਕ ਦਰਜਨਾਂ ਪੁਲਿਸ ਮੁਲਾਜ਼ਮ ਜ਼ਖਮੀ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਕਿਹਾ ਹੈ ਕਿ ਇਸਲਾਮਾਬਾਦ 'ਚ ਤਾਇਨਾਤ ਕਾਂਸਟੇਬਲ ਮੁਹੰਮਦ ਮੁਬਾਸ਼ਿਰ ਬਿਲਾਲ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਪਣੀ ਡਿਊਟੀ ਨਿਭਾਉਂਦੇ ਹੋਏ ''ਸ਼ਰਾਰਤੀ ਲੋਕਾਂ ਦੀ ਹਿੰਸਾ'' ਕਾਰਨ ਜ਼ਖਮੀ ਹੋ ਗਿਆ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਰਗੋਧਾ ਪੁਲਿਸ ਦਾ ਇਕ ਹੋਰ ਕਾਂਸਟੇਬਲ ਬਦਮਾਸ਼ਾਂ ਦੀ ਗੋਲੀਬਾਰੀ ਕਾਰਨ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ 'ਚ ਦਰਜਨਾਂ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਨ੍ਹਾਂ ਹਿੰਸਕ ਘਟਨਾਵਾਂ ਦੀ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਹੁਕਮ ਦਿੱਤੇ ਹਨ। ਗ੍ਰਹਿ ਮੰਤਰੀ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।
ਬੁਸ਼ਰਾ ਬੀਬੀ ਦੀ ਅਪੀਲ ਤੇ ਉਨ੍ਹਾਂ ਦੇ ਸਮਰਥਕਾਂ ਦਾ ਜੋਸ਼
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਸਮਰਥਕਾਂ ਨੂੰ ਰਾਜਧਾਨੀ ਪਹੁੰਚਣ ਅਤੇ ਆਪਣਾ ਵਿਰੋਧ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਨੂੰ ਸਿਰਫ਼ ਇਮਰਾਨ ਖ਼ਾਨ ਦੀ ਰਿਹਾਈ ਦਾ ਮੁੱਦਾ ਨਹੀਂ ਸਗੋਂ ਦੇਸ਼ ਅਤੇ ਇਸ ਦੀ ਲੀਡਰਸ਼ਿਪ ਲਈ ਲੜਾਈ ਦੱਸਿਆ। ਉਸ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਰਿਹਾਈ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਦੇਸ਼ ਭਰ ਵਿੱਚ ਫੈਲੀ ਅਸ਼ਾਂਤੀ ਕਾਰਨ ਕਾਨੂੰਨ ਵਿਵਸਥਾ ਬਣਾਈ ਰੱਖਣਾ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਆ ਹੈ। ਪ੍ਰਦਰਸ਼ਨਕਾਰੀਆਂ ਦੇ ਹਿੰਸਕ ਰਵੱਈਏ ਅਤੇ ਸੁਰੱਖਿਆ ਬਲਾਂ ਦੀ ਸਖ਼ਤੀ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ ਹੈ। ਪਾਕਿਸਤਾਨ ਇਸ ਸਮੇਂ ਆਪਣੇ ਸਿਆਸੀ ਅਤੇ ਸਮਾਜਿਕ ਇਤਿਹਾਸ ਦੇ ਸਭ ਤੋਂ ਔਖੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।