Russia Nuclear Weapon Drill: 'ਪਰਮਾਣੂ ਹਥਿਆਰਾਂ ਨੂੰ ਬਾਹਰ ਕੱਢੋ', ਫਰਾਂਸ ਨੇ ਯੂਕਰੇਨ 'ਚ ਫ਼ੌਜ ਭੇਜੀ, ਪੁਤਿਨ ਨੇ ਗੁੱਸੇ 'ਚ ਆ ਕੇ ਦਿੱਤਾ ਹੁਕਮ
Russia Nuclear Weapon Drill: ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਮਾਣੂ ਹਥਿਆਰਾਂ ਨਾਲ ਅਭਿਆਸ ਦਾ ਆਯੋਜਨ ਕਰਨ ਦਾ ਇਹ ਆਦੇਸ਼ ਅਜਿਹੇ ਸਮੇਂ ਵਿੱਚ ਦਿੱਤਾ ਹੈ ਜਦੋਂ ਫਰਾਂਸ ਨੇ ਪਹਿਲੀ ਵਾਰ ਯੂਕਰੇਨ ਵਿੱਚ ਆਪਣੀ ਫ਼ੌਜ ਭੇਜੀ ਹੈ।
Vladimir Putin orders Nuclear Weapon Drills: ਯੂਕਰੇਨ ਨਾਲ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਦੇ ਵਿਚਕਾਰ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਵਾਰ ਫਿਰ ਸਖ਼ਤ ਰਵੱਈਆ ਦਿਖਾਇਆ ਹੈ। ਪੁਤਿਨ ਨੇ ਰੂਸੀ ਫ਼ੌਜ ਨੂੰ ਪ੍ਰਮਾਣੂ ਹਥਿਆਰਾਂ ਨਾਲ ਅਭਿਆਸ ਕਰਨ ਦਾ ਹੁਕਮ ਦਿੱਤਾ ਹੈ। ਉਸ ਨੇ ਇਹ ਹੁਕਮ ਯੂਕਰੇਨ ਸਰਹੱਦ 'ਤੇ ਤਾਇਨਾਤ ਫ਼ੌਜ ਅਤੇ ਜਲ ਸੈਨਾ ਨੂੰ ਦਿੱਤਾ ਹੈ।
ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ 'ਚ ਕਿਹਾ, ''ਅਭਿਆਸ ਦੌਰਾਨ ਪਰਮਾਣੂ ਹਥਿਆਰਾਂ ਦੀ ਤਿਆਰੀ ਤੇ ਉਨ੍ਹਾਂ ਦੀ ਵਰਤੋਂ ਕਰਨ ਦੇ ਉਪਾਅ ਕੀਤੇ ਜਾਣਗੇ। ਇਹ ਅਭਿਆਸ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਏ ਜਾਣਗੇ ਅਤੇ ਇਸ ਦਾ ਮਕਸਦ ਕੁਝ ਪੱਛਮੀ ਦੇਸ਼ਾਂ ਦੇ ਖ਼ਤਰਿਆਂ ਦੇ ਮੱਦੇਨਜ਼ਰ ਰੂਸ ਦੀ ਖੇਤਰੀ ਅਖੰਡਤਾ ਨੂੰ ਯਕੀਨੀ ਬਣਾਉਣਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਅਭਿਆਸ 'ਚ ਫ਼ੌਜੀ ਜਹਾਜ਼ ਅਤੇ ਸਮੁੰਦਰੀ ਫੌਜ ਸ਼ਾਮਲ ਹੋਵੇਗੀ, ਜਿਸ 'ਚ ਯੂਕ੍ਰੇਨ ਦੀ ਸਰਹੱਦ 'ਤੇ ਅਤੇ ਕਬਜ਼ੇ ਵਾਲੇ ਯੂਕ੍ਰੇਨ ਦੇ ਖੇਤਰ 'ਚ ਤਾਇਨਾਤ ਫ਼ੌਜੀ ਵੀ ਹਿੱਸਾ ਲੈਣਗੇ।
ਫਰਾਂਸ ਨੇ ਪਹਿਲੀ ਵਾਰ ਯੂਕਰੇਨ ਵਿੱਚ ਫ਼ੌਜ ਭੇਜੀ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਹ ਹੁਕਮ ਅਜਿਹੇ ਸਮੇਂ 'ਚ ਦਿੱਤਾ ਹੈ ਜਦੋਂ ਫਰਾਂਸ ਨੇ ਪਹਿਲੀ ਵਾਰ ਯੂਕਰੇਨ 'ਚ ਆਪਣੀ ਫ਼ੌਜ ਭੇਜੀ ਹੈ। ਯੂਕਰੇਨ ਦੀ ਫ਼ੌਜ ਦੇ ਸਮਰਥਨ ਵਿੱਚ ਫ੍ਰੈਂਚ ਸੈਨਿਕਾਂ ਨੂੰ ਸਲਾਵਿਆਂਸਕ ਵਿੱਚ ਤਾਇਨਾਤ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 100 ਸੈਨਿਕਾਂ ਦੀ ਟੁਕੜੀ ਨੂੰ ਯੂਕਰੇਨ ਭੇਜਿਆ ਗਿਆ ਹੈ। ਹਾਲਾਂਕਿ ਬਾਅਦ 'ਚ ਹੋਰ ਫ਼ੌਜੀ ਵੀ ਭੇਜੇ ਜਾ ਸਕਦੇ ਹਨ।
ਪੁਤਿਨ ਨੇ ਪ੍ਰਮਾਣੂ ਜੰਗ ਦੀ ਚੇਤਾਵਨੀ ਦਿੱਤੀ
ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਪੁਤਿਨ ਕਈ ਵਾਰ ਪ੍ਰਮਾਣੂ ਜੰਗ ਨੂੰ ਲੈ ਕੇ ਚੇਤਾਵਨੀ ਦੇ ਚੁੱਕੇ ਹਨ। ਫਰਵਰੀ ਵਿੱਚ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਪ੍ਰਮਾਣੂ ਯੁੱਧ ਦਾ ਅਸਲ ਖ਼ਤਰਾ ਹੈ। ਹਾਲਾਂਕਿ, ਪ੍ਰਮਾਣੂ ਹਥਿਆਰਾਂ ਨਾਲ ਅਭਿਆਸ ਕਰਨ ਦੇ ਫ਼ੈਸਲੇ ਨਾਲ ਤਣਾਅ ਵਧ ਸਕਦਾ ਹੈ।
ਦੋ ਸਾਲਾਂ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ
ਦੱਸ ਦੇਈਏ ਕਿ ਸਾਲ 2022 ਦੀ ਸ਼ੁਰੂਆਤ 'ਚ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ। ਉਦੋਂ ਤੋਂ ਪੱਛਮੀ ਦੇਸ਼ ਲਗਾਤਾਰ ਰੂਸ 'ਤੇ ਦਬਾਅ ਬਣਾ ਰਹੇ ਹਨ ਅਤੇ ਯੂਕਰੇਨ ਦੀ ਮਦਦ ਕਰ ਰਹੇ ਹਨ। ਇਸ ਜੰਗ ਨੂੰ ਖਤਮ ਕਰਨ ਲਈ ਕਈ ਦੇਸ਼ਾਂ ਨੇ ਪਹਿਲ ਕੀਤੀ ਹੈ ਪਰ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।