Somalia Blast: ਸੋਮਾਲੀਆ 'ਚ ਦੋ ਕਾਰਾਂ ਵਿਚਾਲੇ ਜ਼ਬਰਦਸਤ ਧਮਾਕਾ, 9 ਲੋਕਾਂ ਦੀ ਮੌਤ
Somalia Blast: ਮੱਧ ਸੋਮਾਲੀਆ ਵਿੱਚ ਦੋ ਕਾਰਾਂ ਵਿੱਚ ਹੋਏ ਬੰਬ ਧਮਾਕੇ, 9 ਲੋਕਾਂ ਦੀ ਮੌਤ ਹੋ ਗਈ।
Somalia Blast: ਪੂਰਬੀ ਅਫ਼ਰੀਕੀ ਦੇਸ਼ ਸੋਮਾਲੀਆ ਵਿੱਚ ਇੱਕ ਵੱਡਾ ਧਮਾਕਾ ਹੋਣ ਦੀ ਖ਼ਬਰ ਹੈ। ਏਐਫਪੀ ਦੇ ਅਨੁਸਾਰ, ਸੋਮਾਲੀਆ ਦੇ ਸੁਰੱਖਿਆ ਅਧਿਕਾਰੀਆਂ ਅਤੇ ਗਵਾਹਾਂ ਨੇ ਦੱਸਿਆ ਕਿ ਮੱਧ ਸੋਮਾਲੀਆ ਦੇ ਇੱਕ ਕਸਬੇ ਵਿੱਚ ਬੁੱਧਵਾਰ ਨੂੰ ਹੋਏ ਕਾਰ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ।
ਸਥਾਨਕ ਸੁਰੱਖਿਆ ਅਧਿਕਾਰੀ ਅਬਦੁੱਲਾਹੀ ਅਦਾਨ ਨੇ ਏਐਫਪੀ ਨੂੰ ਦੱਸਿਆ, ''ਅੱਤਵਾਦੀਆਂ ਨੇ ਅੱਜ ਸਵੇਰੇ ਵਿਸਫੋਟਕਾਂ ਨਾਲ ਭਰੇ ਵਾਹਨਾਂ ਨਾਲ ਮਹਾਸ ਕਸਬੇ 'ਤੇ ਹਮਲਾ ਕੀਤਾ। ਅਧਿਕਾਰੀ ਅਬਦੁੱਲਾਹੀ ਅਦਾਨ ਨੇ ਅੱਗੇ ਕਿਹਾ, "ਉਨ੍ਹਾਂ ਨੇ ਨਾਗਰਿਕ ਖੇਤਰ ਨੂੰ ਨਿਸ਼ਾਨਾ ਬਣਾਇਆ ਅਤੇ ਅਸੀਂ ਪੁਸ਼ਟੀ ਕੀਤੀ ਹੈ ਕਿ ਦੋ ਧਮਾਕਿਆਂ ਵਿੱਚ ਨੌਂ ਲੋਕ ਮਾਰੇ ਗਏ ਹਨ, ਜੋ ਸਾਰੇ ਆਮ ਨਾਗਰਿਕ ਹਨ।"
ਧਮਾਕਿਆਂ ਨਾਲ ਪੂਰਾ ਇਲਾਕਾ ਹਿੱਲ ਗਿਆ
ਇਹ ਹਮਲਾ ਅੱਤਵਾਦੀ ਸੰਗਠਨ ਅਲ-ਸ਼ਬਾਬ ਦੇ ਜੇਹਾਦੀ ਲੜਾਕਿਆਂ ਨੇ ਕੀਤਾ ਸੀ। ਮੱਧ ਸੋਮਾਲੀਆ ਦੇ ਹੀਰਾਨ ਖੇਤਰ ਵਿੱਚ ਹੋਏ ਧਮਾਕਿਆਂ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਅਸਲ 'ਚ ਸੋਮਾਲੀਆ ਦੇ ਸੁਰੱਖਿਆ ਬਲਾਂ ਨੇ ਇਸ ਖੇਤਰ 'ਚ ਅਲ-ਸ਼ਬਾਬ ਖਿਲਾਫ ਵੱਡਾ ਹਮਲਾ ਕੀਤਾ ਸੀ। ਅਲ-ਸ਼ਬਾਬ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜਿਆ ਇੱਕ ਸਮੂਹ ਹੈ, ਜਿਸ ਨੇ ਕਈ ਦੇਸ਼ਾਂ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਅੱਤਵਾਦੀਆਂ ਨੇ ਨਿਰਦੋਸ਼ ਨਾਗਰਿਕਾਂ ਨੂੰ ਮਾਰਿਆ - ਅਧਿਕਾਰੀ
ਮਹਾਸ ਦੇ ਇੱਕ ਪੁਲਿਸ ਕਮਾਂਡਰ ਓਸਮਾਨ ਨੂਰ ਨੇ ਕਿਹਾ, "ਅੱਤਵਾਦੀਆਂ ਨੇ ਹਾਰਨ ਤੋਂ ਬਾਅਦ, ਨਾਗਰਿਕਾਂ ਨੂੰ ਡਰਾਉਣ ਲਈ ਧਮਾਕਿਆਂ ਦਾ ਸਹਾਰਾ ਲਿਆ ਹੈ, ਪਰ ਇਹ ਉਹਨਾਂ ਨੂੰ ਨਹੀਂ ਰੋਕੇਗਾ।" ਉਨ੍ਹਾਂ ਕਿਹਾ, "ਅੱਤਵਾਦੀਆਂ ਨੇ ਇਸ ਹਮਲੇ ਵਿੱਚ ਨਿਰਦੋਸ਼ ਨਾਗਰਿਕਾਂ ਨੂੰ ਮਾਰਿਆ ਹੈ।" ਘਟਨਾ ਸਥਾਨ 'ਤੇ ਮੌਜੂਦ ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਧਮਾਕਾ ਮਹਾਸ 'ਚ ਜ਼ਿਲਾ ਪ੍ਰਸ਼ਾਸਨ ਦੀ ਇਮਾਰਤ ਨੇੜੇ ਇਕ ਰੈਸਟੋਰੈਂਟ ਨੇੜੇ ਹੋਇਆ।
ਅਲ-ਸ਼ਬਾਬ ਦੇ ਖਿਲਾਫ 'ਆਲ ਆਊਟ ਯੁੱਧ'
ਇੱਕ ਗਵਾਹ ਅਦਨ ਹਸਨ ਨੇ ਕਿਹਾ, "ਮੈਂ ਔਰਤਾਂ ਅਤੇ ਬੱਚਿਆਂ ਸਮੇਤ 9 ਲੋਕਾਂ ਦੀਆਂ ਲਾਸ਼ਾਂ ਦੇਖੀਆਂ, ਇਹ ਇੱਕ ਭਿਆਨਕ ਹਮਲਾ ਸੀ।" ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਮਹਿਮੂਦ ਨੇ ਅਲ-ਸ਼ਬਾਬ ਵਿਰੁੱਧ "ਆਲ ਆਊਟ ਜੰਗ" ਦਾ ਐਲਾਨ ਕੀਤਾ ਹੈ। ਅਲ-ਸ਼ਬਾਬ ਪਿਛਲੇ 15 ਸਾਲਾਂ ਤੋਂ ਸੋਮਾਲੀਅਨ ਸਰਕਾਰ ਵਿਰੁੱਧ ਖੂਨੀ ਬਗਾਵਤ ਕਰ ਰਿਹਾ ਹੈ।