Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Kartarpur Corridor: ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਵੱਲੋਂ ਲਾਈ ਗਈ 20 ਅਮਰੀਕੀ ਡਾਲਰ ਦੀ ਫੀਸ ਭਾਰਤੀ ਯਾਤਰੀਆਂ ਲਈ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
Kartarpur Corridor: ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਵੱਲੋਂ ਲਾਈ ਗਈ 20 ਅਮਰੀਕੀ ਡਾਲਰ ਦੀ ਫੀਸ ਭਾਰਤੀ ਯਾਤਰੀਆਂ ਲਈ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਇਹ ਖੁਲਾਸਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਲਹਿੰਦੇ ਪੰਜਾਬ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ। ਉਨ੍ਹਾਂ ਇਸ ਸਬੰਧ ਵਿੱਚ ਵੀਡੀਓ ਸੁਨੇਹਾ ਜਾਰੀ ਕੀਤਾ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਵੀਡੀਓ ਸੁਨੇਹੇ ਵਿੱਚ ਅਰੋੜਾ ਦੱਸ ਰਹੇ ਹਨ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਮੀਡੀਆ, ਭਾਰਤੀ ਸੰਗਤ ਤੇ ਹੋਰ ਦੇਸ਼ਾਂ ਤੋਂ ਸਿੱਖ ਸੰਗਤਾਂ ਦੇ ਫੋਨ ਆ ਰਹੇ ਹਨ। ਸਾਰਿਆਂ ਵੱਲੋਂ ਗੁਰਦੁਆਰਾ ਕਰਤਾਰਪੁਰ ਲਾਂਘੇ ਦੀ 20 ਅਮਰੀਕੀ ਡਾਲਰ ਦੀ ਫੀਸ ਵਿੱਚ ਛੋਟ ਦੇਣ ਬਾਰੇ ਪੁੱਛਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫੀਸ ਪਹਿਲਾਂ ਵਾਂਗ ਹੀ ਜਾਰੀ ਹੈ ਅਤੇ ਇਸ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ।
ਇਸ ਸਬੰਧੀ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਅਮਰੀਕਾ ਵਿੱਚ ਰਹਿੰਦੇ ਸਿੱਖ ਜਿਨ੍ਹਾਂ ਦਾ ਜਨਮ ਸਥਾਨ ਭਾਵੇਂ ਭਾਰਤ ਹੈ ਪਰ ਪਾਸਪੋਰਟ ਅਮਰੀਕਾ ਦਾ ਹੈ, ਨੂੰ ਪਾਕਿਸਤਾਨ ਵਿੱਚ ਆਮਦ ਸਮੇਂ ‘ਆਨ ਅਰਾਈਵਲ ਵੀਜ਼ਾ’ ਮਿਲੇਗਾ। ਅਰੋੜਾ ਨੇ ਦੱਸਿਆ ਕਿ ਇਸ ਐਲਾਨ ਮਗਰੋਂ ਚਰਚਾ ਸ਼ੁਰੂ ਹੋ ਗਈ ਸੀ ਕਿ ਗੁਰਦੁਆਰਾ ਕਰਤਾਰਪੁਰ ਲਾਂਘਾ ਲਈ ਲਾਈ ਗਈ 20 ਡਾਲਰ ਦੀ ਫੀਸ ਬੰਦ ਕਰ ਦਿੱਤੀ ਗਈ ਹੈ। ਜਦੋਂਕਿ ਅਜਿਹਾ ਕੁਝ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਵਸਦੇ ਸਿੱਖ ਜਿਨ੍ਹਾਂ ਕੋਲ ਉਥੋਂ ਦੇ ਮੁਲਕਾਂ ਦਾ ਪਾਸਪੋਰਟ ਹੈ, ਨੂੰ ਪਾਕਿਸਤਾਨ ਵਿੱਚ ਆਮਦ ਸਮੇਂ ਮੌਕੇ ’ਤੇ ਵੀਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਗੁਰਦੁਆਰਾ ਕਰਤਾਰਪੁਰ ਲਾਂਘੇ ਨੂੰ ਲੈ ਕੇ 24 ਅਕਤੂਬਰ ਨੂੰ ਸਮਝੌਤਾ ਨਵਿਆਇਆ ਗਿਆ ਹੈ ਤੇ ਇਸ ਵਿੱਚ ਪਹਿਲਾਂ ਵਾਲੀਆਂ ਸ਼ਰਤਾਂ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ।
ਇੱਕ ਵੱਖਰੇ ਵੀਡੀਓ ਰਾਹੀਂ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਗੁੱਜਰਾਂਵਾਲਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਨਾਲ ਸਬੰਧਤ ਹਵੇਲੀ ਦੀ ਸਾਂਭ ਸੰਭਾਲ ਦਾ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਕੰਮ ਸਾਲ ਵਿੱਚ ਮੁਕੰਮਲ ਹੋ ਜਾਵੇਗਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਇਸ ਨੂੰ ਖੋਲ੍ਹਿਆ ਜਾਵੇਗਾ।