ਈਰਾਨ ਖਿਲਾਫ਼ ਇਜ਼ਰਾਈਲ ਦੀ ਜੰਗ 'ਚ ਕੁੱਦਿਆ ਅਮਰੀਕਾ! ਫੋਰਡੋ ਤੇ ਨਤਾਂਜ਼ ਸਮੇਤ 3 ਪਰਮਾਣੂ ਠਿਕਾਣਿਆਂ 'ਤੇ ਏਅਰ ਸਟਰਾਈਕ
ਦੁਨੀਆ ਦੀ ਨਜ਼ਰਾਂ ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਉੱਤੇ ਹਨ। ਇਸ ਦੌਰਾਨ ਹੁਣ ਅਮਰੀਕਾ ਵੱਲੋਂ ਵੱਡਾ ਐਕਸ਼ਨ ਕਰ ਦਿੱਤ ਗਿਆ ਹੈ। ਇਹ ਜਾਣਕਾਰੀ ਖੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ Truth Social..

US Strikes on Iran: ਈਰਾਨ ਅਤੇ ਇਜ਼ਰਾਈਲ ਦੀ ਜੰਗ ਵਿੱਚ ਹੁਣ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਇਰਾਨ ਦੇ ਤਿੰਨ ਪਰਮਾਣੂ ਠਿਕਾਣਿਆਂ – ਫੋਰਡੋ, ਨਤਾਂਜ਼ ਅਤੇ ਇਸਫਹਾਨ 'ਤੇ ਹਵਾਈ ਹਮਲਾ ਕੀਤਾ ਹੈ। ਇਹ ਹਮਲਾ ਪੂਰੀ ਤਰ੍ਹਾਂ ਸਫਲ ਦੱਸਿਆ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ Truth Social 'ਤੇ ਇੱਕ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ, "ਸਾਰੇ ਅਮਰੀਕੀ ਵਿਮਾਨ ਹੁਣ ਈਰਾਨ ਦੀ ਹਵਾਈ ਹੱਦ ਤੋਂ ਬਾਹਰ ਨਿਕਲ ਚੁੱਕੇ ਹਨ ਅਤੇ ਸੁਰੱਖਿਅਤ ਤਰੀਕੇ ਨਾਲ ਘਰ ਵਾਪਸ ਆ ਰਹੇ ਹਨ। ਸਭ ਤੋਂ ਵੱਧ ਬੰਬ ਫੋਰਡੋ ਨਾਮਕ ਥਾਂ 'ਤੇ ਗਿਰਾਏ ਗਏ ਹਨ।" ਉਨ੍ਹਾਂ ਨੇ ਅੱਗੇ ਅਮਰੀਕੀ ਫੌਜ ਦੀ ਸ਼ਲਾਘਾ ਕਰਦਿਆਂ ਕਿਹਾ, "ਸਾਡੇ ਮਹਾਨ ਯੋਧਿਆਂ ਨੂੰ ਵਧਾਈ ਹੋਵੇ! ਦੁਨੀਆਂ ਦੀ ਕੋਈ ਹੋਰ ਫੌਜ ਇਹ ਨਹੀਂ ਕਰ ਸਕਦੀ।" ਇਸਦੇ ਨਾਲ ਹੀ ਟਰੰਪ ਨੇ ਕਿਹਾ ਕਿ ਹੁਣ ਸ਼ਾਂਤੀ ਦਾ ਸਮਾਂ ਆ ਗਿਆ ਹੈ। ਹਾਲਾਂਕਿ, ਹੁਣ ਤੱਕ ਈਰਾਨ ਵੱਲੋਂ ਇਸ ਹਮਲੇ 'ਤੇ ਕੋਈ ਸਰਕਾਰੀ ਪ੍ਰਤਿਕਿਰਿਆ ਨਹੀਂ ਆਈ ਹੈ।
ਕੀ ਅਮਰੀਕਾ ਕਰ ਰਿਹਾ ਹੈ ਇਜ਼ਰਾਈਲ ਦੀ ਮਦਦ?
ਜਦੋਂ ਅਮਰੀਕਾ ਨੇ ਇਰਾਨ ਦੇ ਤਿੰਨ ਪਰਮਾਣੂ ਠਿਕਾਣਿਆਂ 'ਤੇ ਹਮਲਾ ਕੀਤਾ, ਤਾਂ ਉਸ ਨੇ ਆਪਣੇ ਆਪ ਨੂੰ ਸਿੱਧੇ ਤੌਰ 'ਤੇ ਈਰਾਨ ਨਾਲ ਯੁੱਧ ਵਿੱਚ ਲਿਆ ਦਿੱਤਾ। ਇਸ ਕਦਮ ਨੂੰ ਇਜ਼ਰਾਈਲ ਦੀ ਮਦਦ ਵਜੋਂ ਦੇਖਿਆ ਜਾ ਰਿਹਾ ਹੈ, ਜੋ ਕਿ ਈਰਾਨ ਦੇ ਪਰਮਾਣੂ ਕਾਰਜਕ੍ਰਮ ਨੂੰ ਖਤਮ ਕਰਨਾ ਚਾਹੁੰਦਾ ਹੈ।
ਇਹ ਫੈਸਲਾ ਇਸ ਲਈ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਨੂੰ ਦੁਬਾਰਾ ਮਿਡਲ ਈਸਟ ਦੀ ਜੰਗ ਵਿੱਚ ਨਹੀਂ ਝੋਕੇਗਾ।
ਹਮਲੇ ਤੋਂ ਕੇਵਲ 48 ਘੰਟੇ ਪਹਿਲਾਂ ਟਰੰਪ ਨੇ ਆਖੀ ਸੀ ਇਹ ਗੱਲ
ਹਮਲੇ ਤੋਂ ਸਿਰਫ਼ 48 ਘੰਟੇ ਪਹਿਲਾਂ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੋ ਹਫ਼ਤੇ ਤੱਕ ਇੰਤਜ਼ਾਰ ਕਰੇਗਾ ਕਿ ਕੀ ਈਰਾਨ ਅਤੇ ਇਜ਼ਰਾਈਲ ਦਰਮਿਆਨ ਕੋਈ ਰਾਜਨੈਤਿਕ ਹੱਲ ਨਿਕਲ ਸਕਦਾ ਹੈ। ਉਨ੍ਹਾਂ ਕਿਹਾ ਸੀ, "ਜੇਕਰ ਗੱਲਬਾਤ ਦੀ ਸੰਭਾਵਨਾ ਹੋਈ ਤਾਂ ਮੈਂ ਦੋ ਹਫ਼ਤਿਆਂ ਵਿੱਚ ਫੈਸਲਾ ਕਰਾਂਗਾ ਕਿ ਅੱਗੇ ਕੀ ਕਰਨਾ ਹੈ।" ਪਰ ਹੁਣ ਟਰੰਪ ਨੇ ਸਿੱਧਾ ਹਮਲਾ ਕਰਨ ਦਾ ਫੈਸਲਾ ਲੈ ਲਿਆ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ਅਤੇ ਈਰਾਨ ਦਰਮਿਆਨ ਚੁੱਪਚਾਪ ਗੱਲਬਾਤ ਚੱਲ ਰਹੀ ਸੀ। ਰਿਪੋਰਟਾਂ ਮੁਤਾਬਕ, ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਕਿਹਾ ਸੀ ਕਿ ਉਹ ਈਰਾਨ 'ਤੇ ਹਮਲਾ ਥੋੜ੍ਹਾ ਰੋਕ ਦੇਵੇ, ਤਾਂ ਜੋ ਸ਼ਾਂਤੀਪੂਰਨ ਹੱਲ ਕੱਢਿਆ ਜਾ ਸਕੇ। ਪਰ ਹੁਣ ਲੱਗਦਾ ਹੈ ਕਿ ਗੱਲਬਾਤ ਦਾ ਰਾਸਤਾ ਮੁਕ ਗਿਆ ਹੈ ਅਤੇ ਸਿੱਧਾ ਫੌਜੀ ਰਾਹ ਚੁਣਿਆ ਗਿਆ ਹੈ।





















