ਹੋ ਜਾਓ ਸਾਵਧਾਨ!... ਬਰਡ ਫਲੂ ਲੈ ਸਕਦੈ ਜਾਨ! WHO ਨੇ ਦੱਸਿਆ ਇਸ ਦੀ ਲਪੇਟ 'ਚ ਕਿੰਝ ਆ ਸਕਦਾ ਇਨਸਾਨ
Bird Flu: ਵਿਸ਼ਵ ਸਿਹਤ ਸੰਗਠਨ (WHO) ਨੇ ਵੀਰਵਾਰ ਨੂੰ ਮਨੁੱਖਾਂ ਸਮੇਤ ਹੋਰ ਪ੍ਰਜਾਤੀਆਂ ਵਿੱਚ H5N1 ਬਰਡ ਫਲੂ ਦੀ ਲਾਗ ਦੇ ਵਧਦੇ ਖ਼ਤਰੇ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ।
Bird Flu: ਵਿਸ਼ਵ ਸਿਹਤ ਸੰਗਠਨ (WHO) ਨੇ ਵੀਰਵਾਰ ਨੂੰ ਮਨੁੱਖਾਂ ਸਣੇ ਹੋਰ ਪ੍ਰਜਾਤੀਆਂ ਵਿੱਚ H5N1 ਬਰਡ ਫਲੂ ਦੀ ਲਾਗ ਦੇ ਵਧ ਰਹੇ ਖ਼ਤਰੇ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਡਬਲਯੂਐਚਓ ਦੇ ਮੁੱਖ ਵਿਗਿਆਨੀ ਜੇਰੇਮੀ ਫਰਾਰ ਨੇ ਜਿਨੇਵਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ, “ਮੈਨੂੰ ਲਗਦਾ ਹੈ ਕਿ ਬਰਡ ਫਲੂ ਅਜੇ ਵੀ ਇੱਕ ਵੱਡੀ ਚਿੰਤਾ ਹੈ। WHO ਨੇ ਕਿਹਾ ਹੈ ਕਿ 2020 ਵਿੱਚ ਸ਼ੁਰੂ ਹੋਏ ਮੌਜੂਦਾ ਬਰਡ ਫਲੂ ਲਈ ਦੀ ਲਪੇਟ 'ਚ ਹੁਣ ਗਾਵਾਂ ਅਤੇ ਬੱਕਰੀਆਂ ਵੀ ਆ ਰਹੀਆਂ ਹਨ। ਇਸ ਨਾਲ ਥਣਧਾਰੀ ਜੀਵਾਂ ਲਈ ਖ਼ਤਰਾ ਵਧ ਗਿਆ ਹੈ। ਜੇਰੇਮੀ ਫਰਾਰ ਨੇ ਕਿਹਾ ਕਿ ਇਹ ਹੁਣ ਵਿਸ਼ਵਵਿਆਪੀ ਜ਼ੂਨੋਟਿਕ ਜਾਨਵਰਾਂ ਦੀ ਮਹਾਂਮਾਰੀ ਬਣ ਗਿਆ ਹੈ।
ਫਰਾਰ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ, "ਇਹ ਯਕੀਨੀ ਤੌਰ 'ਤੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਪਹਿਲਾਂ ਬੱਤਖਾਂ ਅਤੇ ਮੁਰਗੀਆਂ ਵਿੱਚ ਫੈਲਦਾ ਹੈ ਅਤੇ ਫਿਰ ਤੇਜ਼ੀ ਨਾਲ ਥਣਧਾਰੀ ਜੀਵਾਂ ਨੂੰ ਸੰਕਰਮਿਤ ਕਰਦਾ ਹੈ। ਇਹ ਵਾਇਰਸ ਮਨੁੱਖਾਂ ਨੂੰ ਵੀ ਸੰਕਰਮਿਤ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਵਾਇਰਸ ਖ਼ਤਰਨਾਕ ਹੈ, ਜੋ ਇੱਕ ਮਨੁੱਖ ਤੋਂ ਦੂਜੇ ਮਨੁੱਖ ਵਿੱਚ ਕੋਰੋਨਾ ਨਾਲੋਂ ਵੀ ਤੇਜ਼ੀ ਨਾਲ ਫੈਲ ਸਕਦਾ ਹੈ। WHO ਨੇ ਕਿਹਾ, ਹਾਲਾਂਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਨਫਲੂਐਂਜ਼ਾ A (H5N1) ਵਾਇਰਸ ਮਨੁੱਖਾਂ ਵਿੱਚ ਫੈਲ ਰਿਹਾ ਹੈ, ਇਹ ਅਜਿਹੇ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਸੈਂਕੜੇ ਮਨੁੱਖਾਂ ਲਈ ਖ਼ਤਰਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜੇਕਰ ਇਹ ਮਨੁੱਖਾਂ ਵਿੱਚ ਫੈਲਦਾ ਹੈ ਤਾਂ ਮੌਤ ਦਰ ਕਈ ਗੁਣਾ ਵੱਧ ਹੋ ਸਕਦੀ ਹੈ।
ਹਾਲ ਹੀ ਦੇ ਸਾਲਾਂ ਵਿੱਚ, ਇਹ ਦੱਸਿਆ ਗਿਆ ਹੈ ਕਿ ਬਰਡ ਫਲੂ ਦੀ ਲਾਗ ਕਾਰਨ ਲੱਖਾਂ ਜੰਗਲੀ ਪੰਛੀਆਂ ਦੀ ਮੌਤ ਹੋ ਗਈ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ, ਇਹ ਲਾਗ ਥਣਧਾਰੀ ਜਾਨਵਰਾਂ ਵਿੱਚ ਵੀ ਫੈਲਣ ਲੱਗੀ ਹੈ। WHO ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ ਕਿ H5N1 ਵਾਇਰਸ ਪਸ਼ੂਆਂ ਨੂੰ ਪ੍ਰਭਾਵਿਤ ਕਰ ਰਹੇ ਹਨ।
WHO ਦੀ ਰਿਪੋਰਟ ਮੁਤਾਬਕ ਇਸ ਵਾਇਰਸ ਨੇ 8 ਅਮਰੀਕੀ ਸੂਬਿਆਂ ਦੇ ਡੇਅਰੀ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ। ਡਬਲਯੂਐਚਓ ਦੇ ਮੁੱਖ ਵਿਗਿਆਨੀ ਨੇ ਕਿਹਾ ਹੈ ਕਿ ਜਦੋਂ ਮਨੁੱਖ ਅਜਿਹੇ ਡੇਅਰੀ ਉਦਯੋਗ ਦੇ ਜਾਨਵਰਾਂ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਇਨਫਲੂਐਂਜ਼ਾ ਏ (ਐਚ5ਐਨ1) ਵਾਇਰਸ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।