Flood : ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਨੂੰ ਲੱਖਾਂ ਰੁਪਏ ਭੇਂਟ, ਕੌਣ ਨੇ ਇਹ ਦਾਨੀ
Shiromani Committee - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੀਤੀਆਂ ਜਾ ਰਹੀਆ ਸੇਵਾਵਾਂ ਵਿਚ ਸਹਿਯੋਗ ਪਾਉਂਦਿਆਂ ਵੱਖ-ਵੱਖ ਲੋਕਲ ਗੁਰਦੁਆਰਾ..
Flood - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੀਤੀਆਂ ਜਾ ਰਹੀਆ ਸੇਵਾਵਾਂ ਵਿਚ ਸਹਿਯੋਗ ਪਾਉਂਦਿਆਂ ਵੱਖ-ਵੱਖ ਲੋਕਲ ਗੁਰਦੁਆਰਾ ਕਮੇਟੀਆਂ ਵੱਲੋਂ 12 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਗੁਰਦੁਆਰਾ ਸਾਹਿਬਾਨ ਵੱਲੋਂ ਇਸ ਰਾਸ਼ੀ ਦੇ ਚੈੱਕ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਜੱਜ ਸ. ਦਲਬੀਰ ਸਿੰਘ ਮਾਹਲ ਅਤੇ ਸ. ਗੁਰਦੇਵ ਸਿੰਘ ਸੋਹਲ ਰਾਹੀਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੂੰ ਸੌਂਪੇ ਗਏ।
ਇਸ ਸਬੰਧੀ ਗਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਉਣ ਕਰਕੇ ਪੰਜਾਬ ਦੇ ਵੱਡੇ ਹਿੱਸੇ ਅੰਦਰ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕੁਦਰਤੀ ਆਫ਼ਤ ਸਮੇਂ ਸ਼੍ਰੋਮਣੀ ਕਮੇਟੀ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਲੋੜਵੰਦਾਂ ਦੀ ਮਦਦ ਲਈ ਲੰਗਰ ਤੇ ਹੋਰ ਵਸਤੂਆਂ ਨਾਲ ਪਸ਼ੂਆਂ ਦੇ ਚਾਰੇ ਦੇ ਵੀ ਪ੍ਰਬੰਧ ਕੀਤੇ ਹਨ। ਇਨ੍ਹਾਂ ਕਾਰਜਾਂ ਲਈ ਸੰਗਤਾਂ ਨੇ ਵੀ ਸ਼੍ਰੋਮਣੀ ਕਮੇਟੀ ਦਾ ਵੱਡਾ ਸਹਿਯੋਗ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੈਕਸ਼ਨ 87 ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਕੁਦਰਤੀ ਆਫ਼ਤਾਂ ਵਿਚ ਸਹਾਇਤਾ ਲਈ 12 ਲੱਖ 75 ਹਜ਼ਾਰ ਰੁਪਏ ਭੇਜੇ ਗਏ ਹਨ। ਇਸ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਫਰਵਾਹੀ, ਬਰਨਾਲਾ ਵੱਲੋਂ 1 ਲੱਖ 50 ਹਜ਼ਾਰ ਰੁਪਏ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗਊਘਾਟ ਲੁਧਿਆਣਾ 75 ਹਜ਼ਾਰ ਰੁਪਏ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੁੱਗਰੀ ਲੁਧਿਆਣਾ 1 ਲੱਖ ਰੁਪਏ, ਗੁਰਦੁਆਰਾ ਪਾਤਸ਼ਾਹੀ ਦਸਵੀਂ ਗੁਰੂ ਕੀ ਢਾਬ ਮੱਤਾ ਫਰੀਦਕੋਟ 1 ਲੱਖ ਰੁਪਏ, ਗੁਰਦੁਆਰਾ ਪਾਤਸ਼ਾਹੀ ਦਸਵੀਂ ਗੁਰੂਸਰ ਸਾਹਿਬ ਬਠਿੰਡਾ 1 ਲੱਖ 50 ਹਜ਼ਾਰ ਰੁਪਏ, ਗੁਰਦੁਆਰਾ ਨਾਨਕਸਰ ਤਖ਼ਤੂਪੁਰਾ ਮੋਗਾ 2 ਲੱਖ ਰੁਪਏ, ਗੁਰਦੁਆਰਾ ਸ੍ਰੀ ਅਕੋਈ ਸਾਹਿਬ ਸੰਗਰੂਰ 1 ਲੱਖ ਰੁਪਏ, ਗੁਰਦੁਆਰਾ ਸਾਹਿਬ ਸ਼ਹੀਦ ਭਾਈ ਤਾਰੂ ਸਿੰਘ ਪਹੂਲਾ ਤਰਨ ਤਾਰਨ 1 ਲੱਖ ਰੁਪਏ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਢਿਲਵਾਂ ਬਰਨਾਲਾ 1 ਲੱਖ ਰੁਪਏ, ਗੁਰਦੁਆਰਾ ਸਾਹਿਬ ਨਾਨਕਸਰ ਚੀਮਾ ਸੰਗਰੂਰ 1 ਲੱਖ ਰੁਪਏ ਅਤੇ ਗੁਰਦੁਆਰਾ ਸ੍ਰੀ ਅਕਾਲ ਪੁਰਖ ਸਾਹਿਬ ਪਾਤਸ਼ਾਹੀ ਛੇਵੀਂ ਮੰਡੀ ਕਲਾਂ ਬਠਿੰਡਾ ਵੱਲੋਂ 1 ਲੱਖ ਰੁਪਏ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਫਰਜ਼ ਸਮਝਦਿਆਂ ਹਮੇਸ਼ਾਂ ਹੀ ਮਨੁੱਖਤਾ ਦੀ ਸੇਵਾ ਲਈ ਤਤਪਰ ਰਹੀ ਹੈ ਅਤੇ ਅੱਗੋਂ ਵੀ ਲੋੜਵੰਦਾਂ ਲਈ ਕਾਰਜਸ਼ੀਲ ਰਹੇਗੀ। ਸ਼੍ਰੋਮਣੀ ਕਮੇਟੀ ਸਕੱਤਰ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰ ਜੱਜ ਸਾਹਿਬਾਨ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਮਾਨਵ ਭਲਾਈ ਦੇ ਕਾਰਜ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਹੀ ਸੰਭਵ ਹਨ।