Maghi Mela Muktsar 2022: ਇਤਿਹਾਸ ਦੀ ਮਹਾਨ ਘਟਨਾ 'ਟੁੱਟੀ ਗੰਢੀ', ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ 40 ਸਿੰਘਾਂ ਦਾ ਬੇਦਾਵਾ ਪਾੜਿਆ..
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਿੰਘਾਂ ਨੂੰ ਖਿਤਾਬ ਦਿੱਤੇ ਕਿਸੇ ਨੂੰ ਦਸ ਹਜ਼ਾਰੀ ਤੇ ਕਿਸੇ ਨੂੰ 20 ਹਜ਼ਾਰੀ। ਗੁਰੂ ਜੀ ਨੇ ਆਪਣੇ 40 ਸਿੰਘਾਂ ਦੀ ਟੁੱਟੀ ਗੰਢੀ ਸੀ ਤੇ ਇਸ ਜਗ੍ਹਾ ਤੇ ਹੁਣ ਗੁਰਦਵਾਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ਼ਸ਼ੋਬਿਤ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਢੁੱਡੀ
Maghi Mela Muktsar 2022: ਚਾਲੀ ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਲੱਗਣ ਵਾਲਾ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ 13-14-15 ਜਨਵਰੀ ਨੂੰ ਬੜੀ ਸ਼ਰਧਾ ਤੇ ਸਦਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਿੰਘਾਂ ਦੀ ਟੁੱਟੀ ਗੰਢੀ ਸੀ ਤੇ ਸਿੰਘਾਂ ਵੱਲੋਂ ਦਿੱਤੇ ਬੇਦਾਵੇ ਨੂੰ ਪਾੜਿਆ ਸੀ ਤੇ ਇਸ ਜਗ੍ਹਾ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤੀ ਦਿੱਤੀ ਸੀ।
ਉਸ ਵੇਲੇ ਦੀ ਗੱਲ ਹੈ ਜਦ ਮਈ 1704 ਈ. ਨੂੰ ਸ੍ਰੀ ਆਨੰਦ ਪੁਰ ਸਾਹਿਬ ਦੇ ਕਿਲੇ ਨੂੰ ਮੁਗਲ ਹਕੂਮਤ ਦੀਆਂ ਫੌਜਾਂ ਵੱਲੋਂ ਘੇਰਾ ਪਾਇਆ ਲਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਫੀ ਦਿਨ ਮੁਗਲਾਂ ਨਾਲ ਯੁੱਧ ਕੀਤਾ। ਇਸ ਮੌਕੇ ਹਾਲਾਤ ਇਸ ਤਰ੍ਹਾਂ ਹੋ ਗਏ ਸਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਕੋਲ ਖਾਣ-ਪੀਣ ਲਈ ਰਾਸ਼ਨ ਬਿਲਕੁਲ ਖਤਮ ਹੋ ਚੁੱਕਾ ਸੀ। ਸਿੰਘਾਂ ਕੋਲੋਂ ਭੁੱਖੇ ਰਹਿ ਕੇ ਜੰਗ ਲੜਨਾ ਮੁਸ਼ਕਲ ਹੋ ਗਿਆ।
ਇਸ ਮੌਕੇ 40 ਸਿੰਘਾਂ ਵੱਲੋਂ ਬਗਾਵਤ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਗਿਆ ਕਿ ਗੁਰੂ ਜੀ ਹੁਣ ਸਾਡੇ ਕੋਲੋਂ ਭੁੱਖੇ ਰਹਿ ਕੇ ਜੰਗ ਨਹੀਂ ਲੜੀ ਜਾ ਸਕਦੀ ਤੇ ਇਨ੍ਹਾਂ 40 ਸਿੰਘਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਕਾਗਜ ਉਪਰ ਬੇਦਾਵਾ ਲਿਖ ਕੇ ਦੇ ਦਿੱਤਾ। ਇਸ ਵਿੱਚ ਇਹ ਲਿਖਿਆ ਕਿ ਅਸੀਂ ਆਪਣੇ ਘਰ ਵੱਲ ਜਾ ਰਹੇ ਹਾਂ "ਅਸੀਂ ਤੇਰੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ'।
ਸਿੱਖਾਂ ਨੇ ਗੁਰੂ ਜੀ ਨੂੰ ਇਹ ਬੇਦਾਵਾ ਦੇ ਕੇ ਅਨੰਦਪੁਰ ਸਾਹਿਬ ਤੋਂ ਚਾਲੇ ਪਾ ਦਿੱਤੇ ਪਰ ਜਦ ਇਹ ਸਿੰਘ ਆਪਣੇ ਘਰ ਵਾਪਸ ਪੁੱਜੇ ਤਾਂ ਇਨ੍ਹਾਂ ਸਿੰਘਾਂ ਦੀਆਂ ਘਰ ਵਾਲਿਆਂ ਨੇ ਜਦ ਪੁੱਛਿਆ ਕਿ ਤੁਸੀਂ ਘਰ ਵਾਪਸ ਮੁੜ ਆਏ ਤੇ ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਆਏ ਹਾਂ ਤੇ ਉਨ੍ਹਾਂ ਦੀਆਂ ਘਰ ਵਾਲੀਆਂ ਨੇ ਕਿਹਾ ਕਿ ਤੁਸੀਂ ਮੁਸੀਬਤ ਵਿੱਚ ਆਪਣੇ ਗੁਰੂ ਜੀ ਨੂੰ ਇਕੱਲਾ ਛੱਡ ਕੇ ਆਏ ਹੋ, ਕੋਈ ਮੁਸੀਬਤ ਵਿੱਚ ਆਪਣੇ ਗੁਰੂ ਨੂੰ ਇਸ ਤਰ੍ਹਾਂ ਬੇਮੁੱਖ ਹੋ ਕੇ ਕਿਵੇਂ ਛੱਡ ਕੇ ਆ ਸਕਦਾ।
ਉਨ੍ਹਾਂ ਕਿਹਾ ਕਿ ਜੇ ਤੁਸੀਂ ਇਸ ਮੁਸੀਬਤ ਵਿੱਚ ਗੁਰੂ ਜੀ ਨਾਲ ਨਹੀਂ ਰਹਿ ਸਕਦੇ ਤੇ ਤੁਹਾਡੇ 'ਤੇ ਲਾਹਨਤ ਹੈ। ਲਓ ਹੁਣ ਤੁਸੀਂ ਆਹ ਚੂੜੀਆਂ ਪਾ ਲਵੋ ਤੇ ਲੁੱਕ ਕੇ ਘਰ ਵਿੱਚ ਬਹਿ ਜਾਓ ਤੇ ਤੁਹਾਡੀ ਜਗ੍ਹਾ ਅਸੀਂ ਗੁਰੂ ਜੀ ਦਾ ਸਾਥ ਦੇਣ ਲਈ ਜਾਂਦੀਆਂ ਹਾਂ। ਇਹ ਸੁਣ ਕੇ ਉਨ੍ਹਾਂ ਦੀ ਗੈਰਤ ਜਾਗ ਪਈ ਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿੱਚ ਵਾਪਸ ਚੱਲ ਪਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਚੁੱਕੇ ਸੀ। ਗੁਰੂ ਜੀ ਦੀ ਤਲਾਸ਼ ਵਿੱਚ ਚੱਲਦੇ ਚੱਲਦੇ ਇਹ ਸਿੰਘ ਖਿਦਰਾਣੇ ਦੀ ਢਾਬ 'ਤੇ ਪਹੁੰਚ ਗਏ। ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀ ਮੁਗਲ ਹਕੂਮਤ ਦੀ ਫੌਜ ਗੁਰੂ ਜੀ ਦੀ ਤਲਾਸ਼ ਵਿੱਚ ਇਸ ਖਿਦਰਾਣੇ ਦੀ ਢਾਬ ਤੇ ਪਹੁੰਚ ਗਈ ਜਿੱਥੇ ਉਨ੍ਹਾਂ ਦਾ ਮੁਕਾਬਲਾ ਇੱਥੇ ਪੁੱਜੇ 40 ਸਿੰਘਾਂ ਨਾਲ ਹੋ ਗਿਆ।
ਇਸ ਜਗ੍ਹਾ 'ਤੇ ਬਹੁਤ ਹੀ ਘਮਸਾਨ ਦਾ ਯੁੱਧ ਹੋ ਤੇ ਇਸ ਯੁੱਧ ਵਿਚ ਮੁਗਲ ਫੌਜਾਂ ਨਾਲ ਸਿੰਘਾਂ ਯੋਧਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰਿਵਾਰ ਵਿਛੋੜੇ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਫੌਜਾਂ ਨਾਲ ਜੰਗ ਕਰਦੇ ਹੋਏ ਆਨੰਦਪੁਰ ਸਾਹਿਬ ਤੋਂ ਜੈਤੋ, ਢਿੱਲਵਾਂ ਕਲਾਂ, ਕੋਟ ਕਪੂਰਾ, ਖਾਰਾ ਆਦਿ ਪਿੰਡਾਂ ਵਿੱਚੋਂ ਹੁੰਦੇ ਹੋਏ ਖਿਦਰਾਣਾ ਦੀ ਢਾਬ ਤੇ ਪੁੱਜੇ ਜਿੱਥੇ 21 ਵੈਸਾਖ 1762 ਸੰਮਤ ਨੂੰ ਉਨ੍ਹਾਂ ਆਪਣੇ ਜੀਵਨ ਦੀ ਆਖਰੀ ਤੇ ਫੈਸਲਾਕੁਨ ਜੰਗ ਲੜੀ ਸੀ।
ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ 'ਤੇ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਮੇਰੇ ਸਿੰਘ ਸ਼ਹੀਦ ਹੋ ਗਏ ਹਨ ਪਰ ਜਦ ਉਨ੍ਹਾਂ ਇਸ ਦਰਖਤ ਜੋ ਵਨ ਅੱਜ ਤਕ ਸ਼ਸੋਬਤ ਹੈ, ਨਾਲ ਆਪਣਾ ਘੋੜਾ ਬੰਨ੍ਹਿਆ ਤੇ ਉਨ੍ਹਾਂ ਦੇ ਸਿੰਘਾਂ ਵਿੱਚੋਂ ਇੱਕ ਸਿੰਘ ਸਹਿਕ ਰਿਹਾ ਸੀ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕੇ ਉਸ ਸਿੰਘ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਤੇ ਉਸ ਦੇ ਚਿਹਰੇ ਨੂੰ ਆਪਣੇ ਕਮਰ ਕਸੇ ਨਾਲ ਸਾਫ ਕੀਤਾ ਤਾਂ ਉਨ੍ਹਾਂ ਨੂੰ ਪਹਿਚਾਣ ਆਈ ਕਿ ਇਹ ਤੇ ਮੇਰਾ ਸਿੰਘ ਭਾਈ ਮਹਾਂ ਸਿੰਘ ਹੈ।
ਗੁਰੂ ਜੀ ਨੇ ਪੁੱਛਿਆ ਤਾਂ ਭਾਈ ਮਹਾਂ ਸਿੰਘ ਜੀ ਦਾ ਸਿਰ ਸ਼ਰਮ ਨਾਲ ਝੁਕਿਆ ਹੋਇਆ ਸੀ ਪਰ ਉਸ ਦੇ ਸਾਹ ਚੱਲ ਰਹੇ ਸਨ। ਗੁਰੂ ਜੀ ਨੇ ਪੁੱਛਿਆ ਕਿ ਮਹਾ ਸਿੰਘ ਮੰਗ ਕੀ ਮੰਗਦਾ ਹੈ। ਮਹਾ ਸਿੰਘ ਨੇ ਸਹਿਕਦੇ ਹੋਏ ਕਿਹਾ ਗੁਰੂ ਜੀ ਸਾਥੋਂ ਬਹੁਤ ਵੱਡੀ ਭੁੱਲ ਹੋ ਗਈ ਸੀ। ਸਾਨੂੰ ਮੁਆਫ ਕਰ ਦਿਓ। ਜੋ ਅਸੀਂ ਗਲਤੀ ਨਾਲ ਤੁਹਾਨੂੰ ਬੇਦਾਵਾ ਦੇ ਕੇ ਆਏ ਸੀ, ਉਸ ਨੂੰ ਫਾੜ ਦਿਓ ਤੇ ਸਾਨੂੰ ਬਖਸ਼ ਦਿਓ। ਤੁਸੀਂ ਬਕਸ਼ਣਹਾਰ ਸਵਾਮੀ ਹੋ ਸਾਡੀ ਟੁੱਟੀ ਗੰਢ ਲਓ। ਗੁਰੂ ਜੀ ਨੇ ਬੇਦਾਵਾ ਆਪਣੀ ਕਮਰ ਵਿੱਚੋਂ ਕੱਢ ਕੇ ਪਾੜ ਦਿੱਤਾ ਤੇ ਭਾਈ ਮਹਾਂ ਸਿੰਘ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਿੰਘਾਂ ਨੂੰ ਖਿਤਾਬ ਦਿੱਤੇ ਕਿਸੇ ਨੂੰ ਦਸ ਹਜ਼ਾਰੀ ਤੇ ਕਿਸੇ ਨੂੰ 20 ਹਜ਼ਾਰੀ। ਇਸ ਤਰ੍ਹਾਂ ਇਸ ਜਗ੍ਹਾ ਗੁਰੂ ਜੀ ਨੇ ਆਪਣੇ 40 ਸਿੰਘਾਂ ਦੀ ਟੁੱਟੀ ਗੰਢੀ ਸੀ ਤੇ ਇਸ ਜਗ੍ਹਾ ਤੇ ਹੁਣ ਗੁਰਦਵਾਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ਼ਸ਼ੋਬਿਤ ਹੈ। ਹਰ ਸਾਲ 40 ਮੁਕਤਿਆਂ ਦੀ ਯਾਦ ਵਿੱਚ ਮਾਘ ਮਹੀਨੇ ਦੇ ਵਿੱਚ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਇਸ ਜਗ੍ਹਾ ਤੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਦਾਦ ਵਿੱਚ ਸਿੱਖ ਸੰਗਤ ਅਤੇ ਅਨੇਕਾਂ ਹੀ ਸ਼ਰਧਾਲੂ ਨਸਮਸਤਕ ਹੋ ਕੇ ਗੁਰਬਾਣੀ ਨਾਲ ਜੁੜਕੇ ਆਪਣਾ ਜੀਵਨ ਸਫਲ ਬਣਾਉਂਦੇ ਹਨ ਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ।