Sri Guru Granth Sahib: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ, ਪੜ੍ਹੋ ਮੁੱਢ ਤੋਂ ਲੈਕੇ ਸੰਪੁਰਨਤਾ ਤੱਕ ਦਾ ਇਤਿਹਾਸ
Sri Guru Granth Sahib Prakash Purb: ਜਾਗਤ ਜੋਤ, ਚਵਰ ਤਖ਼ਤ ਦੇ ਮਾਲਕ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਹੈ, ਜੋ ਕਿ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੜ੍ਹੋ ਵਿਲੱਖਣ ਇਤਿਹਾਸ-
Sri Guru Granth Sahib Prakash Purb: ਜਾਗਤ ਜੋਤ, ਚਵਰ ਤਖ਼ਤ ਦੇ ਮਾਲਕ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਹੈ, ਜੋ ਕਿ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੁਹਾਨੂੰ ਵੀ ਦੱਸਦੇ ਹਾਂ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਅਤੇ ਕੀ ਹੈ ਇਸ ਦਿਨ ਦਾ ਵਿਲੱਖਣ ਇਤਿਹਾਸ।
ਇਤਿਹਾਸ ਅਨੁਸਾਰ ਸੰਮਤ 1660 (1603 ਈਸਵੀ) ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਥਾਨ 'ਤੇ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਦਾ ਕਾਰਜ ਆਰੰਭ ਕਰਵਾਇਆ ਤੇ ਲਿਖਣ ਦੀ ਸੇਵਾ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ। ਸੰਮਤ 1661 (1604 ਈਸਵੀ) ਨੂੰ ਇਹ ਕਾਰਜ ਸੰਪੂਰਨ ਹੋਇਆ ਅਤੇ ਇਸੇ ਸਾਲ ਭਾਦੋਂ ਸੁਦੀ ਏਕਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ।
ਸੇਵਾ-ਸੰਭਾਲ ਲਈ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ। ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਅਤੇ ਆਪਣੇ ਅੰਤਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਅਮਲੀ ਰੂਪ 'ਚ ਜੋੜਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤਾਂ, 4 ਗੁਰਸਿੱਖਾਂ ਅਤੇ 11 ਭੱਟ ਸਾਹਿਬਾਨ ਦੀ ਬਾਣੀ 31 ਰਾਗਾਂ ਵਿਚ ਦਰਜ ਹੈ। ਇਸ ਦੇ ਨਾਲ ਹੀ ਛੇ ਗੁਰੂ ਸਾਹਿਬਾਨ ਸਮੇਤ ਭਗਤਾਂ, ਭੱਟਾਂ ਅਤੇ ਮਹਾਪੁਰਖਾਂ ਦੀ ਪਾਵਨ ਬਾਣੀ ਵੀ ਸ਼ਾਮਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ।
ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਲੈਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ।
1430 ਅੰਗਾਂ ਵਿੱਚ ਬਾਣੀ ਦਰਜ
1604 ਈ: ਵਿੱਚ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। 1430 ਅੰਗਾਂ (ਪੰਨਿਆਂ) ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੇ ਕੀਰਤਨ ਦੀਵਾਨ ਸਜਾਏ ਅਤੇ ਬਾਬਾ ਬੁੱਢਾ ਜੀ ਨੇ ਬਾਣੀ ਦਾ ਜਾਪ ਸ਼ੁਰੂ ਕੀਤਾ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਸਿੱਖ ਧਰਮ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬਾਬਾ ਬੁੱਢਾ ਜੀ ਇਸ ਗ੍ਰੰਥ ਦੇ ਪਹਿਲੇ ਗ੍ਰੰਥੀ ਬਣੇ।