ICC T20I Rankings: ਟੌਪ 10 'ਚ ਸ਼ਾਮਲ ਹੋਏ ਯਸ਼ਸਵੀ ਜੈਸਵਾਲ, ਅਕਸ਼ਰ ਪਟੇਲ ਨੂੰ ਹੋਇਆ ਬੰਪਰ ਫਾਇਦਾ, ਜਾਣੋ ICC T20I ਦੀ ਤਾਜ਼ਾ ਰੈਂਕਿੰਗ
Yashasvi Jaiswal: ਸਟਾਰ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ ਵੱਡਾ ਫਾਇਦਾ ਕੀਤਾ ਹੈ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ ਗੇਂਦਬਾਜ਼ੀ 'ਚ ਕਮਾਲ ਕੀਤਾ।
Yashasvi Jaiswal And Axar Patel: ਸਟਾਰ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਈਸੀਸੀ ਟੀ-20 ਅੰਤਰਰਾਸ਼ਟਰੀ ਦਰਜਾਬੰਦੀ ਵਿੱਚ ਵੱਡਾ ਫਾਇਦਾ ਕੀਤਾ ਹੈ। ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਜੈਸਵਾਲ ਰੈਂਕਿੰਗ 'ਚ ਟਾਪ-10 'ਚ ਆ ਗਏ ਹਨ। ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੂੰ ਕਾਫੀ ਫਾਇਦਾ ਹੋਇਆ ਹੈ। ਅਕਸ਼ਰ ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਪੰਜਵੇਂ ਨੰਬਰ 'ਤੇ ਪਹੁੰਚ ਗਏ ਹਨ। ਅਕਸ਼ਰ ਨੇ 12 ਸਥਾਨਾਂ ਦੀ ਛਲਾਂਗ ਲਗਾ ਕੇ ਪੰਜਵਾਂ ਨੰਬਰ ਹਾਸਲ ਕੀਤਾ ਹੈ।
ਟੀ-20 ਇੰਟਰਨੈਸ਼ਨਲ ਦੀ ਗੇਂਦਬਾਜ਼ੀ ਰੈਂਕਿੰਗ 'ਚ ਰਵੀ ਬਿਸ਼ਨੋਈ ਅਕਸ਼ਰ ਤੋਂ ਠੀਕ ਹੇਠਾਂ ਛੇਵੇਂ ਨੰਬਰ 'ਤੇ ਮੌਜੂਦ ਹੈ। ਹਾਲਾਂਕਿ ਬਿਸ਼ਨੋਈ ਦੀ ਰੈਂਕਿੰਗ 'ਚ 4 ਸਥਾਨ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਕਸ਼ਰ ਪਟੇਲ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਅਕਸ਼ਰ ਨੇ ਅਫਗਾਨਿਸਤਾਨ ਖਿਲਾਫ ਚੱਲ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਅਕਸ਼ਰ ਨੇ ਪਹਿਲੇ ਦੋ ਮੈਚਾਂ ਵਿੱਚ 2-2 ਵਿਕਟਾਂ ਲਈਆਂ ਸਨ। ਇਸ ਦੌਰਾਨ ਉਸ ਨੇ ਪਹਿਲੇ ਮੈਚ 'ਚ 23 ਦੌੜਾਂ ਅਤੇ ਦੂਜੇ 'ਚ ਸਿਰਫ 17 ਦੌੜਾਂ ਹੀ ਖਰਚ ਕੀਤੀਆਂ।
ਲਗਾਤਾਰ ਧਮਾਲਾਂ ਪਾ ਰਿਹਾ ਜੈਸਵਾਲ
ਜੈਸਵਾਲ ਨੇ ਆਪਣੇ ਕਰੀਅਰ 'ਚ ਹੁਣ ਤੱਕ 16 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 15 ਪਾਰੀਆਂ 'ਚ 35.57 ਦੀ ਔਸਤ ਅਤੇ 163.82 ਦੇ ਸਟ੍ਰਾਈਕ ਰੇਟ ਨਾਲ 498 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 4 ਅਰਧ ਸੈਂਕੜੇ ਲਗਾਏ ਹਨ।
ਆਖਰੀ ਟੀ-20 ਪਾਰੀ (ਅਫਗਾਨਿਸਤਾਨ ਵਿਰੁੱਧ ਦੂਜਾ ਟੀ-20) ਵਿੱਚ ਜੈਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਭਾਰਤੀ ਸਲਾਮੀ ਬੱਲੇਬਾਜ਼ ਨੇ 34 ਗੇਂਦਾਂ 'ਤੇ 5 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 68 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਜੈਸਵਾਲ ਨੇ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ ਟੀ-20 ਸੀਰੀਜ਼ ਦੇ ਤੀਜੇ ਮੈਚ 'ਚ 60 ਦੌੜਾਂ ਬਣਾਈਆਂ ਸਨ।
ਬੈਟਿੰਗ 'ਚ ਹਾਲੇ ਵੀ ਬਰਕਰਾਰ ਸੂਰਿਆ ਕੁਮਾਰ ਦਾ ਜਲਵਾ
ਧਿਆਨ ਯੋਗ ਹੈ ਕਿ ਸਟਾਰ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਟੀ-20 ਇੰਟਰਨੈਸ਼ਨਲ ਦੀ ਬੱਲੇਬਾਜ਼ੀ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਬਰਕਰਾਰ ਹਨ। ਸੂਰਿਆ ਲੰਬੇ ਸਮੇਂ ਤੋਂ ਚੋਟੀ ਦੇ ਸਥਾਨ 'ਤੇ ਹਨ ਅਤੇ ਕੋਈ ਹੋਰ ਬੱਲੇਬਾਜ਼ ਉਸ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ ਹੈ। ਸੂਰਿਆ ਦੀ ਰੇਟਿੰਗ 869 ਹੈ। ਇਸ ਤੋਂ ਬਾਅਦ ਇੰਗਲੈਂਡ ਦਾ ਫਿਲਿਪ ਸਾਲਟ 802 ਰੇਟਿੰਗ ਨਾਲ ਦੂਜੇ ਸਥਾਨ 'ਤੇ ਹੈ।