ਯੂਟਿਊਬ 'ਤੇ ਪਾਓ ਵੀਡੀਓ ਤੇ ਕਮਾਓ ਲੱਖਾਂ ਰੁਪਏ

ਨਵੀਂ ਦਿੱਲੀ: ਵੀਡੀਓ ਬਣਾਉਣ ਵਾਲਿਆਂ ਲਈ ਯੂ-ਟਿਊਬ ਅਜਿਹਾ ਅੱਡਾ ਹੈ ਜਿੱਥੇ ਪੈਸਾ ਕਮਾਇਆ ਜਾ ਸਕਦਾ ਹੈ। ਦੱਸ ਦਈਏ ਕਿ ਵੀਡੀਓ ਬਣਾਉਣ ਤੇ ਪੋਸਟ ਕਰਨ ਵਾਲਿਆਂ ਨੂੰ ਅਕਸਰ ਲੋੜੀਂਦੇ ਪੈਸੇ ਨਾ ਦੇਣ ਦੀ ਆਲੋਚਨਾ ਸਹਿਣ ਵਾਲਾ ਯੂ-ਟਿਊਬ ਲੋਕਾਂ ਨੂੰ ਅਜਿਹਾ ਚੈਨਲ ਸ਼ੁਰੂ ਕਰਨ ਦਾ ਮੌਕਾ ਦੇਵੇਗਾ ਜਿਸ ਲਈ ਉਨ੍ਹਾਂ ਨੂੰ ਦਰਸ਼ਕਾਂ ਤੋਂ ਪੈਸਾ ਮਿਲੇਗਾ।
ਯੂਟਿਊਬ ਦੇ ਚੀਫ ਪ੍ਰੋਡਕਟ ਅਧਿਕਾਰੀ ਨੀਲ ਮੋਹਨ ਨੇ ਦੱਸਿਆ ਕਿ ਗੂਗਲ ਦੇ ਮਾਲਿਕਾਨਾ ਹੱਕ ਵਾਲੀ ਇਸ ਸੇਵਾ 'ਚ ਮੌਜੂਦਾ ਸਮੇਂ ਜ਼ਿਆਦਾਤਰ ਕਮਾਈ ਇਸ਼ਤਿਹਾਰਾਂ ਜ਼ਰੀਏ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਬਣਾਉਣ ਵਾਲਿਆਂ ਲਈ ਇਸ਼ਤਿਹਾਰਾਂ ਤੋਂ ਬਿਨਾਂ ਕਮਾਈ ਦੇ ਹੋਰ ਸਾਧਨ ਵੀ ਹੋਣੇ ਚਾਹੀਦੇ ਹਨ।
ਅਜਿਹੇ 'ਚ ਨਵੀਂ ਨੀਤੀ ਬਣਾਈ ਗਈ ਹੈ ਜਿਸ ਤਹਿਤ ਜਿਹੜੇ ਚੈਨਲਾਂ ਦੇ ਇੱਕ ਲੱਖ ਤੋਂ ਵੱਧ ਸਬਸਕ੍ਰਾਈਬਰ ਹਨ, ਉਨ੍ਹਾਂ ਦੀ ਮੈਂਬਰਸ਼ਿਪ ਲਈ ਦਰਸ਼ਕਾਂ ਨੂੰ 4.99 ਡਾਲਰ ਯਾਨੀ 320 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਕੰਪਨੀ ਨੇ ਕਿਹਾ ਕਿ ਵੀਡੀਓਮੇਕਰ ਸ਼ਰਟ ਜਾਂ ਮੋਬਾਈਲ ਕਵਰ ਜਿਹੀਆਂ ਚੀਜ਼ਾਂ ਵੀ ਚੈਨਲ ਤੇ ਵੇਚ ਸਕਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਜ਼ਰ ਦੇ ਵੀਡੀਓ 'ਤੇ ਆਉਣ ਵਾਲੇ ਇਸ਼ਤਿਹਾਰਾਂ ਤੋਂ ਹੀ ਉਨ੍ਹਾਂ ਨੂੰ ਕਮਾਈ ਹੁੰਦੀ ਸੀ। ਇਸ਼ਤਿਹਾਰਾਂ ਦਾ ਕਾਰੋਬਾਰ ਕਰਨ ਵਾਲੀ ਗੂਗਲ ਦੀ ਕੰਪਨੀ ਐਡਸੇਂਸ ਵੱਲੋਂ ਹੀ ਭੁਗਤਾਨ ਕੀਤਾ ਜਾਂਦਾ ਸੀ। ਦੱਸ ਦਈਏ ਕਿ ਯੂ-ਟਿਊਬ ਦੀ ਮਦਦ ਨਾਲ ਕਈ ਲੋਕ ਇਸ ਕੰਮ ਤੋਂ ਹੀ ਲੱਖਾਂ ਰੁਪਏ ਕਮਾ ਰਹੇ ਹਨ।






















