ਦੇਖੋ ਕਿਹੜੀਆਂ ਸ਼ਰਤਾਂ ਨਾਲ ਖੁੱਲ੍ਹੇ ਚੰਡੀਗੜ ਦੇ ਸਕੂਲ
ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਚੰਡੀਗੜ੍ਹ ਵਿੱਚ ਅਨਲੌਕ-4 ਤਹਿਤ ਅੱਜ ਤੋਂ ਸਕੂਲ ਖੋਲ੍ਹੇ ਗਏ ਹਨ। ਆਨਲਾਈਨ ਕਲਾਸ ਦੌਰਾਨ ਜਿਹੜੇ ਬੱਚਿਆਂ ਨੂੰ ਕੋਈ ਟੌਪਿਕ ਸਮਝ ਨਹੀਂ ਆਉਂਦਾ, ਉਹ ਵਿਦਿਆਰਥੀ ਮਾਪਿਆਂ ਦੀ ਇਜਾਜ਼ਤ ਨਾਲ ਸਕੂਲਾਂ 'ਚ ਪਹੁੰਚ ਰਹੇ ਹਨ।ਚੰਡੀਗੜ੍ਹ 'ਚ ਸੈਕਟਰ 40-B ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 20 ਵਿਦਿਆਰਥੀਆਂ ਨੇ ਮਾਪਿਆਂ ਦੀ ਆਗਿਆ ਲੈ ਕੇ ਸਕੂਲ 'ਚ ਆਉਣਾ ਸੀ ਪਰ ਇੱਥੇ ਸਿਰਫ਼ ਦੋ ਹੀ ਬੱਚੇ ਕਲਾਸ ਲਵਾਉਣ ਲਈ ਪਹੁੰਚੇ। ਦਰਅਸਲ ਮਾਪਿਆਂ ਦੇ ਮਨਾਂ ਵਿੱਚ ਹਾਲੇ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਇਸ ਲਈ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਭੇਜ ਰਹੇ। ਮਾਪੇ ਆਨਲਾਈਨ ਸਟੱਡੀ 'ਚ ਹੀ ਯਕੀਨ ਬਣਾ ਰਹੇ ਹਨ।ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਆਮਦ ਨੂੰ ਦੇਖਦੇ ਹੋਏ ਪੂਰੀ ਤਿਆਰੀ ਕੀਤੀ ਹੋਈ ਹੈ। ਸਕੂਲ 'ਚ ਐਂਟਰੀ ਤੋਂ ਪਹਿਲਾਂ ਸਟਾਫ਼ ਤੇ ਸਟੂਡੈਂਟਸ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੱਥਾਂ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਕਲਾਸ ਵਿੱਚ ਵੀ ਇੱਕ ਬੈਂਚ ਛੱਡ ਕੇ ਬੱਚਿਆਂ ਦੇ ਬੈਠਣ ਦੀ ਵਿਵਸਥਾ ਕੀਤੀ ਹੋਈ ਹੈ। ਸਕੂਲ ਸਟਾਫ ਤੇ ਵਿਦਿਆਰਥੀਆਂ ਲਈ ਮਾਸਕ ਲਾਜ਼ਮੀ ਕੀਤਾ ਹੋਇਆ ਹੈ।