Bhagwant Mann ਵਲੋਂ ਸੂਬੇ ਨੂੰ ਮੁੜ 'Rangla Punjab' ਬਣਾਉਣ ਲਈ ਕੀਤੀ ਗਈ ਇਹ ਅਪੀਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਆਜ਼ਾਦ, ਲੋਕਤੰਤਰੀ ਗਣਰਾਜ ਵਜੋਂ ਭਾਰਤ ਨੇ ਆਜ਼ਾਦੀ ਦੇ 75 ਸਾਲ ਪੂਰੇ ਕਰ ਲਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਇਤਿਹਾਸਕ ਮੌਕੇ 'ਤੇ ਸਾਰੇ ਭਾਰਤੀਆਂ ਖਾਸ ਕਰਕੇ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਓਨਾ ਹੀ ਚੁਣੌਤੀਪੂਰਨ ਹੈ ਜਿੰਨਾ ਇਸ ਨੂੰ ਪ੍ਰਾਪਤ ਕਰਨਾ। ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਸੂਬੇ ਨੂੰ ਅਸਥਿਰ ਕਰਨ ਦੀਆਂ ਨਾਪਾਕ ਅਨਸਰਾਂ ਦੀਆਂ ਕੋਝੀਆਂ ਯੋਜਨਾਵਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਕਤਾਂ ਦਾ ਉਦੇਸ਼ ਸੂਬੇ ਦੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਵਿੱਚ ਰੁਕਾਵਟ ਪਾਉਣਾ ਹੈ। ਪੰਜਾਬ ਦੀ ਹਰੀ-ਭਰਵੀਂ ਧਰਤੀ 'ਤੇ ਭਾਵੇਂ ਸਭ ਕੁਝ ਬੀਜਿਆ ਜਾ ਸਕਦਾ ਹੈ, ਪਰ ਭਗਵੰਤ ਮਾਨ ਅਨੁਸਾਰ ਇੱਥੇ ਨਫ਼ਰਤ ਅਤੇ ਫਿਰਕਾਪ੍ਰਸਤੀ ਦੇ ਬੀਜ ਕਦੇ ਵੀ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਨਹੀਂ ਕਰ ਸਕਦੇ। ਸੀਐਮ ਮਾਨ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਯਾਦ ਕੀਤਾ।