ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਤੇ ਹਾਲੇ ਵੀ ਬਕਾਇਆ ਬੈਂਗਲੁਰੂ ਕਲੱਬ ਦੇ 13 ਰੁਪਏ
1899 ਵਿੱਚ, ਇੱਕ ਅਧਿਕਾਰੀ ਲੈਫਟੀਨੈਂਟ WLS ਚਰਚਿਲ ਨੂੰ 13 ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕਰਨ ਬਦਲੇ ਕਲੱਬ ਨੇ ਡਿਫਾਲਟਰਾਂ ਦੀ ਸੂਚੀ ਵਿੱਚ ਪਾ ਦਿੱਤਾ ਸੀ।

ਨਵੀਂ ਦਿੱਲੀ: 1868 ਵਿੱਚ, ਕੁਝ ਬ੍ਰਿਟਿਸ਼ ਅਧਿਕਾਰੀਆਂ ਨੇ ਮਿਲ ਕੇ ਬੈਂਗਲੁਰੂ ਕਲੱਬ ਦੀ ਸਥਾਪਨਾ ਕੀਤੀ। 1899 ਵਿੱਚ, ਇੱਕ ਅਧਿਕਾਰੀ ਲੈਫਟੀਨੈਂਟ WLS ਚਰਚਿਲ ਨੂੰ 13 ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕਰਨ ਬਦਲੇ ਕਲੱਬ ਨੇ ਡਿਫਾਲਟਰਾਂ ਦੀ ਸੂਚੀ ਵਿੱਚ ਪਾ ਦਿੱਤਾ ਸੀ।ਜਿਸ ਤੋਂ ਬਾਅਦ ਉਸ ਅਧਿਕਾਰੀ ਤੇ ਇਹ ਬਕਾਇਆ ਹਮੇਸ਼ਾਂ ਬਣਿਆ ਰਿਹਾ। ਬਾਅਦ ਵਿਚ ਉਹ ਸਰ ਵਿੰਸਟਨ ਲਿਓਨਾਰਡ ਸਪੈਂਸਰ ਚਰਚਿਲ ਵਜੋਂ ਜਾਣਿਆ ਜਾਣ ਲੱਗਾ ਅਤੇ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਿਆ।
ਇਹ ਦਿਲਚਸਪ ਘਟਨਾ ਸੁਪਰੀਮ ਕੋਰਟ ਨੇ ਆਪਣੇ ਇਕ ਫੈਸਲੇ ਵਿਚ ਦਰਜ ਕੀਤੀ ਹੈ। ਇਸ ਫੈਸਲੇ ਵਿੱਚ ਬੈਂਗਲੁਰੂ ਕਲੱਬ ਨੂੰ ਵੈਲਥ ਟੈਕਸ ਅਦਾ ਕਰਨ ਦੇ ਮਾਮਲੇ ਵਿੱਚ ਰਾਹਤ ਦਿੱਤੀ ਗਈ ਹੈ। ਸੰਨ 2000 ਵਿੱਚ, ਬੰਗਲੁਰੂ ਦੇ ਵੈਲਥ ਟੈਕਸ ਅਧਿਕਾਰੀ ਨੇ ਕਲੱਬ ਦੀਆਂ ਜਾਇਦਾਦਾਂ ਅਤੇ ਇਸਦੀ ਆਮਦਨੀ ਉੱਤੇ ਟੈਕਸ ਵਸੂਲਣ ਦਾ ਆਦੇਸ਼ ਜਾਰੀ ਕੀਤਾ। ਇਹ ਕੇਸ ਇਨਕਮ ਟੈਕਸ ਕਮਿਸ਼ਨਰ ਅਤੇ ਇਨਕਮ ਟੈਕਸ ਅਪੀਲ ਟ੍ਰਿਬਿਊਨਲ ਦੇ ਜ਼ਰੀਏ ਕਰਨਾਟਕ ਹਾਈ ਕੋਰਟ ਪਹੁੰਚਿਆ। 2007 ਵਿਚ, ਹਾਈ ਕੋਰਟ ਨੇ ਕਲੱਬ ਤੋਂ ਟੈਕਸ ਇਕੱਤਰ ਕਰਨ ਦੀ ਪੁਸ਼ਟੀ ਕੀਤੀ ਅਤੇ ਫੈਸਲਾ ਕੀਤਾ ਕਿ ਕਲੱਬ ਦੀ ਦੇਣਦਾਰੀ ਇਸਦੇ ਸਾਰੇ ਮੈਂਬਰਾਂ ਵਿਚ ਬਰਾਬਰ ਸਾਂਝੀ ਕੀਤੀ ਜਾਣੀ ਚਾਹੀਦੀ ਹੈ।
ਬੈਂਗਲੁਰੂ ਕਲੱਬ ਇਸ ਦੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਕਲੱਬ ਵਿੱਚ ਕੋਈ ਆਰਥਿਕ ਗਤੀਵਿਧੀ ਨਹੀਂ ਹੈ। ਉਥੇ ਹੋਣ ਵਾਲੀਆਂ ਗਤੀਵਿਧੀਆਂ ਰਾਹੀਂ ਕੋਈ ਆਮਦਨੀ ਨਹੀਂ ਕੀਤੀ ਜਾਂਦੀ। ਇਸ ਲਈ, ਕਲੱਬ ਦੀਆਂ ਜਾਇਦਾਦਾਂ ਨੂੰ ਇਨਕਮ ਟੈਕਸ ਦੇ ਅਧੀਨ ਲਿਆ ਕੇ ਹਰੇਕ ਮੈਂਬਰ ਤੋਂ ਰਿਕਵਰੀ ਦਾ ਆਰਡਰ ਸਹੀ ਨਹੀਂ ਹੈ। ਸੁਪਰੀਮ ਕੋਰਟ ਦੇ ਜਸਟਿਸ ਰੋਹਿਂਟਨ ਨਰੀਮਨ ਦੀ ਅਗਵਾਈ ਵਾਲੇ ਬੈਂਚ ਨੇ ਇਸ ਦਲੀਲ ਨੂੰ ਸਵੀਕਾਰਦਿਆਂ ਬੈਂਗਲੁਰੂ ਕਲੱਬ ਨੂੰ ਰਾਹਤ ਦਿੱਤੀ ਹੈ।






















