ਯੂਨੀਵਰਸਿਟੀ ਵਿਦਿਆਰਥੀਆਂ ਦੇ ਵ੍ਹਟਸਐਪ ਗਰੁੱਪ ’ਚ ਅਚਾਨਕ ਆਉਣ ਲੱਗੇ ਅਸ਼ਲੀਲ ਸੰਦੇਸ਼ ਤੇ ਸਮੱਗਰੀ, ਮੱਚਿਆ ਹੰਗਾਮਾ
ਲਖਨਊ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਬਣਾਏ ਗਏ ਇੱਕ ਵ੍ਹਟਸਐਪ ਗਰੁੱਪ ’ਚ ਅਚਾਨਕ ਹੀ ਅਸ਼ਲੀਲ ਸਮੱਗਰੀ ਤੇ ਘਟੀਆ ਕਿਸਮ ਦੀਆਂ ਟਿੱਪਣੀਆਂ ਸ਼ੇਅਰ ਹੋਣ ਲੱਗ ਪਈਆਂ।

ਲਖਨਊ: ਲਖਨਊ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਬਣਾਏ ਗਏ ਇੱਕ ਵ੍ਹਟਸਐਪ ਗਰੁੱਪ ’ਚ ਅਚਾਨਕ ਹੀ ਅਸ਼ਲੀਲ ਸਮੱਗਰੀ ਤੇ ਘਟੀਆ ਕਿਸਮ ਦੀਆਂ ਟਿੱਪਣੀਆਂ ਸ਼ੇਅਰ ਹੋਣ ਲੱਗ ਪਈਆਂ। ਇਹ ਗਰੁੱਪ ਭਾਰਤੀ ਇਤਿਹਾਸ ਤੇ ਪੁਰਾਤੱਤਵ ਵਿਗਿਆਨ ਵਿਭਾਗ ਦੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਬਣਾਇਆ ਗਿਆ ਹੈ। ਅਜਿਹੇ ਅਸ਼ਲੀਲ ਕਿਸਮ ਦੇ ਵ੍ਹਟਸਐਪ ਸੰਦੇਸ਼ਾਂ ਕਾਰਨ ਭਾਜੜ ਮਚ ਗਈ। ਇਸ ਸਬੰਧੀ ਤੁਰੰਤ ਹਸਨਗੰਜ ਪੁਲਿਸ ਥਾਣੇ ’ਚ ਸ਼ਿਕਾਇਤ ਕੀਤੀ ਗਈ। ਹਾਲੇ ਤੱਕ ਇਹ ਕਾਰਾ ਕਰਨ ਵਾਲੇ ਸ਼ਰਾਰਤੀ ਅਨਸਰ ਦੀ ਸ਼ਨਾਖ਼ਤ ਨਹੀਂ ਹੋ ਸਕੀ।
ਵ੍ਹਟਸਐਪ ਗਰੁੱਪ ਵਿੱਚ ਅਸ਼ਲੀਲ ਸੁਨੇਹੇ ਸਨਿੱਚਰਵਾਰ ਰਾਤੀਂ 11:58 ਵਜੇ ਤੋਂ ਪੈਣੇ ਸ਼ੁਰੂ ਹੋਏ ਸਨ ਤੇ ਇਨ੍ਹਾਂ ਸਬੰਧੀ ਪੁਲਿਸ ਕੋਲ ਸ਼ਿਕਾਇਤ ਕੱਲ੍ਹ ਐਤਵਾਰ ਨੂੰ ਦਰਜ ਕਰਵਾਈ ਗਈ ਹੈ। ਇਸ ਗਰੁੱਪ ਵਿੱਚ ਬੀਏ ਦੇ 170 ਵਿਦਿਆਰਥੀ ਹਨ। ਅਜਿਹੇ ਸੁਨੇਹੇ ਵੇਖ ਕੇ ਬਹੁਤ ਸਾਰੇ ਵਿਦਿਆਰਥੀ ਤੇ ਵਿਦਿਆਰਥਣਾਂ ਉਸ ਗਰੁੱਪ ’ਚੋਂ Exit ਕਰ ਗਏ ਪਰ ਬਾਅਦ ’ਚ ਉਹ ਫਿਰ Join ਕਰ ਗਏ।
ਆਈਏਐੱਨਐੱਸ ਦੀ ਰਿਪੋਰਟ ਅਨੁਸਾਰ ਇਹ ਸਾਰੇ ਅਸ਼ਲੀਲ ਸੁਨੇਹੇ ਜਿਸ ਵਿਦਿਆਰਥੀ ਦੇ ਮੋਬਾਈਲ ਤੋਂ ਸ਼ੇਅਰ ਹੋਏ ਸਨ; ਉਸ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਇਸ ਅਸ਼ਲੀਲ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਸਾਫ਼ ਇਨਕਾਰ ਕੀਤਾ।
ਇੱਕ ਵਿਦਿਆਰਥਣ ਨੇ ਦੱਸਿਆ ਕਿ ਵ੍ਹਟਸਐਪ ਗਰੁੱਪ ਵਿੱਚ ਚਾਰ ਵਿਦਿਆਰਥਣਾਂ ਵਿਰੁੱਧ ਅਸ਼ਲੀਲ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ। ਉਨ੍ਹਾਂ ਟਿੱਪਣੀਆਂ ਦੀ ਭਾਸ਼ਾ ਬਹੁਤ ਜ਼ਿਆਦਾ ਗਾਲੀ-ਗਲੋਚ ਵਾਲੀ ਤੇ ਇਤਰਾਜ਼ਯੋਗ ਸੀ। ਉਸ ਤੋਂ ਬਾਅਦ ਅਜਿਹੀ ਹੀ ਘਟੀਆ ਤੇ ਅਸ਼ਲੀਲ ਭਾਸ਼ਾ ਵਿੱਚ ਚਾਰ ਵਿਦਿਆਰਥੀਆਂ ਨੂੰ ਵੀ ਨਿਸ਼ਾਨੇ ’ਤੇ ਲਿਆ ਗਿਆ।
ਸੀਨੀਅਰ ਅਧਿਆਪਕਾਂ ਵੱਲੋਂ ਵਾਰ-ਵਾਰ ਵਰਜੇ ਜਾਣ ਦੇ ਬਾਵਜੂਦ ਜਦੋਂ ਅਜਿਹੇ ਅਸ਼ਲੀਲ ਸੁਨੇਹਿਆਂ ਦੀ ਹੱਦ ਹੋ ਗਈ, ਤਦ ਇਹ ਮਾਮਲਾ ਵਾਈਸ ਚਾਂਸਲਰ ਪ੍ਰੋ. ਏ.ਕੇ. ਰਾਏ ਤੇ ਡੀਨ (ਵਿਦਿਆਰਥੀ ਭਲਾਈ) ਪ੍ਰੋ. ਪੂਨਮ ਟੰਡਨ ਤੱਕ ਵੀ ਪੁੱਜ ਗਿਆ।
ਗਰੁੱਪ ’ਚ ਅਸ਼ਲੀਲ ਮੈਸੇਜ ਪਾਉਣ ਵਾਲਾ ਪਹਿਲਾਂ ਤਾਂ ਗਰੁੱਪ ਛੱਡ ਗਿਆ ਪਰ ਫਿਰ ਹੋਰ ਨਾਂ ਤੇ ਹੋਰ ਨੰਬਰ ਨਾਲ ਉਹ ਗਰੁੱਪ ਵਿੱਚ ਫਿਰ ਆ ਗਿਆ। ਉਸ ਨੇ ਮੁੜ ਉਹੀ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਵੀ ਜਦੋਂ ਲਖਨਊ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਕੀਤੀ, ਤਾਂ ਗਰੁੱਪ ਦੇ 50 ਫ਼ੀ ਸਦੀ ਦੇ ਲਗਭਗ ਵਿਦਿਆਰਥੀ ਗਰੁੱਪ ’ਚੋਂ ਬਾਹਰ ਹੋ ਗਏ।
ਫਿਰ ਐਤਵਾਰ ਨੂੰ ਇਤਿਹਾਸ ਵਿਭਾਗ ਦੇ ਪ੍ਰੋ. ਪੀਯੂਸ਼ ਭਾਰਗਵ ਨੇ ਇਸ ਸਬੰਧੀ ਸ਼ਿਕਾਇਤ ਯੂਨੀਵਰਸਿਟੀ ਦੇ ਪ੍ਰੌਕਟਰ ਦਫ਼ਤਰ ’ਚ ਕੀਤੀ। ਫਿਰ ਉਸ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਥਾਣੇ ’ਚ ਰਿਪੋਰਟ ਦਰਜ ਕਰਵਾਈ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















