ਲੋਕਾਂ ’ਤੇ ਮਹਿੰਗਾਈ ਦੀ ਨਵੀਂ ਮਾਰ, ਖ਼ੁਰਾਕੀ ਤੇਲ ਇੱਕ ਸਾਲ ’ਚ 50% ਮਹਿੰਗੇ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੀ ਵੈੱਬਸਾਈਟ ਉੱਤੇ ਦਿੱਤੇ ਗਏ ਅੰਕੜਿਆਂ ਅਨੁਸਾਰ ਮੂੰਗਫਲੀ ਦੇ ਤੇਲ ਦੀ ਕੀਮਤ ਲਗਭਗ 50 ਫ਼ੀਸਦੀ ਵਧ ਗਈ ਹੈ।
ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀ ਮਹਿੰਗਾਈ ਤੋਂ ਆਮ ਲੋਕਾਂ ਨੂੰ ਹਾਲੇ ਰਾਹਤ ਵੀ ਨਹੀਂ ਮਿਲੀ ਸੀ ਕਿ ਖ਼ੁਰਾਕੀ ਤੇਲਾਂ ਦੀ ਮਹਿੰਗਾਈ ਵੀ ਲੋਕਾਂ ਲਈ ਆਫ਼ਤ ਬਣਦੀ ਜਾ ਰਹੀ ਹੈ। ਪਿਛਲੇ ਇੱਕ ਸਾਲ ਦੇ ਅੰਕੜਿਆਂ ’ਤੇ ਗ਼ੌਰ ਕਰਨ ਤੇ ਪਤਾ ਲੰਗਦਾ ਹੈ ਕਿ ਖ਼ੁਰਾਕੀ ਤੇਲਾਂ ਦੀਆਂ ਕੀਮਤਾਂ ’ਚ 50 ਫ਼ੀਸਦੀ ਤੱਕ ਦਾ ਵਾਧਾ ਹੋ ਗਿਆ ਹੈ।
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੀ ਵੈੱਬਸਾਈਟ ਉੱਤੇ ਦਿੱਤੇ ਗਏ ਅੰਕੜਿਆਂ ਅਨੁਸਾਰ ਮੂੰਗਫਲੀ ਦੇ ਤੇਲ ਦੀ ਕੀਮਤ ਲਗਭਗ 50 ਫ਼ੀਸਦੀ ਵਧ ਗਈ ਹੈ। ਪਿਛਲੇ ਵਰ੍ਹੇ 10 ਮਾਰਚ ਨੂੰ ਮੂੰਗਫਲੀ ਦੇ ਤੇਲ ਦੀ ਔਸਤ ਕੀਮਤ 120 ਰੁਪਏ ਪ੍ਰਤੀ ਲਿਟਰ ਸੀ, ਜਦਕਿ ਇਸ ਵਰ੍ਹੇ 10 ਮਾਰਚ ਨੂੰ ਔਸਤ ਕੀਮਤ 170 ਰੁਪਏ ਹੈ। ਦਿੱਲੀ ’ਚ ਇਸ ਦੀ ਕੀਮਤ ਪਿਛਲੇ ਵਰ੍ਹੇ 10 ਮਾਰਚ ਨੂੰ 162 ਰੁਪਏ ਪ੍ਰਤੀ ਲਿਟਰ ਸੀ, ਜਦ ਕਿ ਇਸ ਸਾਲ 10 ਮਾਰਚ ਨੂੰ 184 ਰੁਪਏ ਪ੍ਰਤੀ ਲਿਟਰ ਹੈ।
ਖ਼ੁਰਾਕੀ ਤੇਲ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਖ਼ੁਰਾਕੀ ਤੇਲ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ, ਇਸੇ ਕਰਕੇ ਭਾਰਤ ’ਚ ਵੀ ਕੀਮਤਾਂ ਵਧੀਆਂ ਹਨ।
ਸਰ੍ਹੋਂ ਦੇ ਤੇਲ ਦੀ ਔਸਤ ਕੀਮਤ ਵਿੱਚ ਵੀ ਲਗਪਗ 20 ਫ਼ੀ ਸਦੀ ਵਾਧਾ ਹੋ ਗਿਆ ਹੈ। ਪਿਛਲੇ ਸਾਲ 10 ਮਾਰਚ ਨੂੰ ਤੇਲ ਦੀ ਔਸਤ ਕੀਮਤ 120 ਰੁਪਏ ਫ਼ੀ ਲਿਟਰ ਸੀ, ਜਦਕਿ ਇਸ ਵਰ੍ਹੇ ਇਹ 142 ਰੁਪਏ ਪ੍ਰਤੀ ਲਿਟਰ ਹੈ। ਦਿੱਲੀ ’ਚ ਸਰ੍ਹੋਂ ਦੇ ਤੇਲ ਦੀ ਕੀਮਤ 120 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 152 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਇਸ ਤੋਂ ਇਲਾਵਾ ਪਾਮ ਆਇਲ ਦੀ ਔਸਤ ਕੀਮਤ ਦੇਸ਼ ਵਿੱਚ ਇੱਕ ਸਾਲ ਅੰਦਰ 85 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 125 ਰੁਪਏ ਪ੍ਰਤੀ ਲਿਟਰ ਹੋ ਗਈ ਹੈ।