Gold Price: ਸਰਕਾਰ ਦਾ ਵੱਡਾ ਫੈਸਲਾ... ਸੋਨਾ ਹੋਇਆ ਇੰਨਾ ਸਸਤਾ, ਖਰੀਦਦਾਰਾਂ ਦੀ ਲੱਗੀ ਭੀੜ
ਦੇਸ਼ ਵਿੱਚ ਲਗਾਤਾਰ ਤੀਜੀ ਵਾਰ ਬਣੀ ਮੋਦੀ ਸਰਕਾਰ ਦੇ ਪਹਿਲੇ ਬਜਟ 'ਚ 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਨੇ-ਚਾਂਦੀ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ ਸੀ।ਇਸ ਤੋਂ ਬਾਅਦ ਸੋਨਾ ਅਚਾਨਕ ਸਸਤਾ ਹੋ ਗਿਆ
Gold Demand Hike: ਪਿਛਲੇ ਦੋ ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਤਰਾਅ-ਚੜ੍ਹਾਅ ਆਇਆ ਹੈ। ਦੇਸ਼ ਵਿੱਚ ਲਗਾਤਾਰ ਤੀਜੀ ਵਾਰ ਬਣੀ ਮੋਦੀ ਸਰਕਾਰ ਦੇ ਪਹਿਲੇ ਬਜਟ 'ਚ 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਸੋਨੇ-ਚਾਂਦੀ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸੋਨਾ ਅਚਾਨਕ ਸਸਤਾ ਹੋ ਗਿਆ ਤੇ ਦੇਸ਼ 'ਚ ਸੋਨੇ ਦੀ ਵਿਕਰੀ 'ਚ ਤੇਜ਼ੀ ਦੇਖਣ ਨੂੰ ਮਿਲੀ। ਕ੍ਰਿਸਿਲ (Crisil) ਦੀ ਤਾਜ਼ਾ ਰਿਪੋਰਟ ਮੁਤਾਬਕ ਸੋਨੇ ਦੀ ਵਿਕਰੀ ਤੋਂ ਗਹਿਣੇ ਬਣਾਉਣ ਵਾਲਿਆਂ ਦੀ ਆਮਦਨ ਚਾਲੂ ਵਿੱਤੀ ਸਾਲ 'ਚ 22 ਤੋਂ 25 ਫੀਸਦੀ ਵਧ ਸਕਦੀ ਹੈ।
ਮਾਲੀਏ ਵਿੱਚ ਇੰਨਾ ਵਾਧਾ
CRISIL ਨੇ ਗਹਿਣਿਆਂ ਦੇ ਮਾਲੀਏ ਵਿੱਚ 22-25% ਦੇ ਉਛਾਲ ਦੀ ਭਵਿੱਖਬਾਣੀ ਕੀਤੀ ਹੈ, ਜਦੋਂਕਿ ਇਸ ਤੋਂ ਪਹਿਲਾਂ ਚਾਲੂ ਵਿੱਤੀ ਸਾਲ 2024-25 ਲਈ ਇਹ ਅਨੁਮਾਨ 17-19% ਸੀ। ਭਾਵ, ਸਰਕਾਰ ਦੇ ਸੋਨੇ ਦੇ ਰੇਟ ਘਟਾਉਣ ਦੇ ਫੈਸਲੇ ਤੋਂ ਬਾਅਦ, ਇਸ ਵਿੱਚ ਸੋਧ ਕਰਕੇ 500-600 ਅਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ।
ਦੱਸ ਦਈਏ ਕਿ ਕੇਂਦਰੀ ਬਜਟ (Budget 2024) ਵਿੱਚ Gold-Silver Custom Duty ਵਿੱਚ ਲਗਪਗ 900 ਆਧਾਰ ਅੰਕ ਦੀ ਕਟੌਤੀ ਤੋਂ ਬਾਅਦ ਇਹ ਉਛਾਲ ਆਇਆ ਹੈ। ਇਸ ਤੋਂ ਪਹਿਲਾਂ ਸੋਨੇ ਤੇ ਚਾਂਦੀ 'ਤੇ 15 ਫੀਸਦੀ ਕਸਟਮ ਡਿਊਟੀ ਸੀ, ਜਿਸ ਨੂੰ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ।
ਬਜਟ ਤੋਂ ਬਾਅਦ ਸੋਨਾ ਕਾਫੀ ਫਿਸਲਿਆ
ਬਜਟ ਤੋਂ ਬਾਅਦ ਸੋਨੇ ਦੀ ਕੀਮਤ 'ਚ ਅਚਾਨਕ ਵੱਡੀ ਗਿਰਾਵਟ ਆਈ ਤੇ ਬਜਟ ਵਾਲੇ ਦਿਨ ਹੀ ਇਹ 4,000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ। ਇਸ ਤੋਂ ਬਾਅਦ ਕਈ ਦਿਨਾਂ ਤੱਕ ਸੋਨੇ ਦੀ ਕੀਮਤ 'ਚ ਗਿਰਾਵਟ ਰਹੀ ਤੇ ਇਹ 67,000 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਪਹੁੰਚ ਗਿਆ। ਪਹਿਲਾਂ ਇਸ ਦੀ ਕੀਮਤ 74,000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਸੀ। ਹਾਲਾਂਕਿ ਅਗਸਤ ਮਹੀਨੇ 'ਚ ਸੋਨੇ ਦੀ ਕੀਮਤ 'ਚ ਫਿਰ ਵਾਧਾ ਹੋਇਆ ਤੇ ਇਹ ਅਜੇ ਵੀ ਆਪਣੇ ਹੁਣ ਤੱਕ ਦੇ ਉੱਚ ਪੱਧਰ ਤੋਂ ਸਸਤਾ ਵਿਕ ਰਿਹਾ ਹੈ।
ਕੀਮਤਾਂ ਡਿੱਗਣ ਕਾਰਨ ਵਿਕਰੀ ਵਧ ਰਹੀ
CRISIL ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਸਟਮ ਡਿਊਟੀ 'ਚ ਇਹ ਵੱਡੀ ਕਟੌਤੀ ਗਹਿਣਾ ਉਦਯੋਗ ਲਈ ਚੰਗੇ ਸਮੇਂ 'ਤੇ ਕੀਤੀ ਗਈ ਹੈ। ਸੋਨੇ ਦੇ ਰਿਟੇਲਰ ਵਿਆਹ ਤੇ ਤਿਉਹਾਰਾਂ ਦੇ ਸੀਜ਼ਨ ਦੀ ਤਿਆਰੀ 'ਚ ਰੁੱਝੇ ਹੋਏ ਹਨ। ਸੋਨੇ ਦੀ ਕੀਮਤ 'ਚ ਗਿਰਾਵਟ ਕਾਰਨ ਖੁਦਰਾ ਵਿਕਰੇਤਾ ਆਪਣੇ ਸਟਾਕ ਨੂੰ 5 ਫੀਸਦੀ ਤੱਕ ਵਧਾ ਸਕਦੇ ਹਨ। ਰਿਪੋਰਟ 'ਚ ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਾਲਾਂਕਿ ਸੋਨਾ ਫਿਲਹਾਲ ਸਸਤਾ ਹੋ ਰਿਹਾ ਹੈ ਪਰ ਇਸ 'ਚ ਵਾਧਾ ਹੋਣ ਦੇ ਸੰਕੇਤ ਮਿਲ ਰਹੇ ਹਨ, ਜਿਸ ਕਾਰਨ ਵਿਆਹਾਂ ਤੇ ਤਿਉਹਾਰਾਂ ਦੇ ਸੀਜ਼ਨ 'ਚ ਗਹਿਣਿਆਂ ਦੇ ਮੁਨਾਫੇ 'ਚ ਉਛਾਲ ਆ ਸਕਦਾ ਹੈ।
ਇਹ ਰਿਪੋਰਟ 58 ਜਿਊਲਰਾਂ ਨਾਲ ਕੀਤੇ ਗਏ ਵਿਸ਼ਲੇਸ਼ਣ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ, ਜੋ ਇਸ ਸੰਗਠਿਤ ਖੇਤਰ ਦੇ ਮਾਲੀਏ ਵਿੱਚ ਇੱਕ ਤਿਹਾਈ ਯੋਗਦਾਨ ਪਾਉਂਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ਵਿੱਚ ਅਚਾਨਕ ਗਿਰਾਵਟ ਨਾਲ ਮੌਜੂਦਾ ਸਟਾਕ 'ਤੇ ਇੰਨਵੈਂਨਟਰੀ ਦਾ ਨੁਕਸਾਨ ਹੋ ਸਕਦਾ ਹੈ, ਪਰ ਇਹ ਘਾਟੇ ਦੀ ਭਰਪਾਈ ਅੱਗੇ ਬਿਹਤਰ ਮੰਗ ਦੁਆਰਾ ਹੋਣ ਦੀ ਉਮੀਦ ਹੈ।
ਹੁਣ ਸੋਨੇ ਦੀ ਕੀਮਤ ਕੀ?
ਪਿਛਲੇ ਕਾਰੋਬਾਰੀ ਦਿਨ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਤੇ ਇਹ 71,538 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਘਰੇਲੂ ਬਾਜ਼ਾਰ 'ਚ ਦਰਾਂ ਦੀ ਗੱਲ ਕਰੀਏ ਤਾਂ IBJA ਵੈੱਬਸਾਈਟ ਮੁਤਾਬਕ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 71,380 ਰੁਪਏ, 22 ਕੈਰੇਟ ਸੋਨੇ ਦੀ ਕੀਮਤ 69,660 ਰੁਪਏ ਪ੍ਰਤੀ 10 ਗ੍ਰਾਮ, 20 ਕੈਰੇਟ ਸੋਨੇ ਦੀ ਕੀਮਤ 63,530 ਰੁਪਏ 10 ਗ੍ਰਾਮ ਤੇ 18 ਕੈਰੇਟ ਸੋਨੇ ਦੀ ਕੀਮਤ 57,820 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ।