ਜਨਤਾ ਨੂੰ ਲੱਗੇਗਾ ਵੱਡਾ ਝਟਕਾ! 20 ਰੁਪਏ ਤੱਕ ਵਧ ਸਕਦੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ 9 ਦਿਨਾਂ 'ਚ 8ਵੀਂ ਵਾਰ ਵਾਧਾ ਹੋਇਆ ਹੈ। ਬੁੱਧਵਾਰ ਨੂੰ ਪੈਟਰੋਲ ਤੇ ਡੀਜ਼ਲ 'ਚ 80-80 ਪੈਸੇ ਦਾ ਵਾਧਾ ਹੋਇਆ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਪੈਟਰੋਲ ਮੁੜ 100 ਰੁਪਏ ਲੀਡਰ ਤੋਂ ਪਾਰ ਹੋ ਗਿਆ ਹੈ
ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ 9 ਦਿਨਾਂ 'ਚ 8ਵੀਂ ਵਾਰ ਵਾਧਾ ਹੋਇਆ ਹੈ। ਬੁੱਧਵਾਰ ਨੂੰ ਪੈਟਰੋਲ ਤੇ ਡੀਜ਼ਲ 'ਚ 80-80 ਪੈਸੇ ਦਾ ਵਾਧਾ ਹੋਇਆ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਪੈਟਰੋਲ ਮੁੜ 100 ਰੁਪਏ ਲੀਡਰ ਤੋਂ ਪਾਰ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਾਧਾ ਜਾਰੀ ਰਹੇਗਾ ਕਿਉਂਕਿ ਤੇਲ ਕੰਪਨੀਆਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਉਛਾਲ ਨਾਲ ਆਪਣੇ ਨੁਕਸਾਨ ਦੀ ਭਰਪਾਈ ਕਰ ਰਹੀਆਂ ਹਨ।
ਉਧਰ, ਚਰਚਾ ਹੈ ਕਿ ਤੇਲ ਦੇ ਭਾਅ 15 ਤੋਂ 20 ਰੁਪਏ ਪ੍ਰਤੀ ਲੀਟਰ ਵਧ ਸਕਦੇ ਹਨ। ਕ੍ਰਿਸਿਲ ਰਿਸਰਚ ਦੀ ਰਿਪੋਰਟ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 15 ਤੋਂ 20 ਰੁਪਏ ਦਾ ਵਾਧਾ ਕਰਨਾ ਹੋਵੇਗਾ। ਇਸ ਨਜ਼ਰੀਏ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 18 ਰੁਪਏ ਦਾ ਹੋਰ ਵਾਧਾ ਹੋ ਸਕਦਾ ਹੈ।
ਇਹ ਵੀ ਚਰਚਾ ਹੈ ਕਿ ਸਭ ਤੋਂ ਵੱਡਾ ਤੇਲ ਬਰਾਮਦਕਾਰ ਸਾਊਦੀ ਅਰਬ ਕੱਚੇ ਤੇਲ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਸਰਕਾਰੀ ਕੰਪਨੀ ਸਾਊਦੀ ਅਰਾਮਕੋ ਏਸ਼ੀਆਈ ਗਾਹਕਾਂ ਲਈ ਆਪਣੇ ਪ੍ਰਮੁੱਖ ਅਰਬ ਲਾਈਟ ਕਰੂਡ ਦੀ ਕੀਮਤ 5 ਡਾਲਰ ਪ੍ਰਤੀ ਬੈਰਲ ਵਧਾਏਗੀ। ਇਸ ਨਾਲ ਓਮਾਨ-ਦੁਬਈ ਬੈਂਚਮਾਰਕ ਕੀਮਤ ਤੋਂ ਇਸ ਦਾ ਅੰਤਰ $9.95/ਬੈਰਲ ਹੋ ਜਾਵੇਗਾ, ਜੋ 2000 ਤੋਂ ਬਾਅਦ ਸਭ ਤੋਂ ਵੱਡਾ ਅੰਤਰ ਹੈ। ਭਾਰਤ ਆਪਣੀ ਲੋੜ ਦਾ 20 ਫ਼ੀਸਦੀ ਕੱਚਾ ਤੇਲ ਸਾਊਦੀ ਅਰਬ ਤੋਂ ਖਰੀਦਦਾ ਹੈ।
ਹਾਲ ਹੀ 'ਚ ਮੂਡੀਜ਼ ਰੇਟਿੰਗ ਏਜੰਸੀ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਭਾਰਤ ਦੇ ਚੋਟੀ ਦੇ ਈਂਧਨ ਰਿਟੇਲਰਾਂ IOC, BPCL ਤੇ HPCL ਨੇ ਨਵੰਬਰ ਤੋਂ ਮਾਰਚ ਦੇ ਵਿਚਕਾਰ ਲਗਭਗ 2.25 ਬਿਲੀਅਨ ਡਾਲਰ (19 ਹਜ਼ਾਰ ਕਰੋੜ ਰੁਪਏ) ਦੇ ਮਾਲੀਏ ਦਾ ਨੁਕਸਾਨ ਕੀਤਾ ਹੈ। ਰੇਟਿੰਗ ਏਜੰਸੀ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਰਿਫਾਇਨਰੀ ਨੂੰ ਨੁਕਸਾਨ ਤੋਂ ਬਚਾਉਣ ਲਈ ਕੀਮਤਾਂ ਵਧਾਉਣ ਦੀ ਇਜਾਜ਼ਤ ਦੇਵੇਗੀ। ਲਗਾਤਾਰ ਦੋ ਦਿਨ 80-80 ਪੈਸੇ ਦੇ ਵਾਧੇ ਤੋਂ ਬਾਅਦ ਮੂਡੀਜ਼ ਨੇ ਕਿਹਾ ਸੀ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਇਕ ਵਾਰ 'ਚ ਨਾ ਵਧਾ ਕੇ ਹੌਲੀ-ਹੌਲੀ ਵਧਾਈਆਂ ਜਾਣਗੀਆਂ।
ਦੱਸ ਦਈਏ ਕਿ ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ 4 ਨਵੰਬਰ, 2021 ਨੂੰ ਕੇਂਦਰ ਨੇ ਪੈਟਰੋਲ 'ਤੇ 5 ਰੁਪਏ ਪ੍ਰਤੀ ਲੀਟਰ ਦਾ ਟੈਕਸ ਘਟਾ ਕੇ ਜਿਹੜੀ ਰਾਹਤ ਦਿੱਤੀ ਸੀ, ਉਸ ਦਾ ਅਸਰ ਹੁਣ ਖ਼ਤਮ ਹੋ ਚੁੱਕਾ ਹੈ, ਕਿਉਂਕਿ 9 ਦਿਨਾਂ 'ਚ ਪੈਟਰੋਲ 5.60 ਰੁਪਏ ਮਹਿੰਗਾ ਹੋ ਗਿਆ ਹੈ। ਅਕਤੂਬਰ 2021 'ਚ 13 ਸੂਬਿਆਂ ਦੀਆਂ 29 ਵਿਧਾਨ ਸਭਾ ਤੇ 3 ਲੋਕ ਸਭਾ ਸੀਟਾਂ 'ਤੇ ਉਪ ਚੋਣਾਂ 'ਚ ਭਾਜਪਾ ਨੂੰ ਉਮੀਦ ਮੁਤਾਬਕ ਨਤੀਜੇ ਨਹੀਂ ਮਿਲੇ ਸੀ। ਇਸ ਤੋਂ ਬਾਅਦ ਪੈਟਰੋਲ 'ਤੇ ਟੈਕਸ 5 ਰੁਪਏ ਘਟਾ ਦਿੱਤਾ ਸੀ। ਇਸ ਮਗਰੋਂ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਸ ਜਿੱਤ ਮਗਰੋਂ ਹੁਣ ਮੁੜ ਪੈਟਰੋਲ-ਡੀਜ਼ਲ ਦੇ ਰੇਟ ਮੁੜ ਵਧਣੇ ਸ਼ੁਰੂ ਹੋ ਗਏ ਹਨ।