Amritsar News: ਨਸ਼ਾ ਛੁਡਾਊ ਕੇਂਦਰ ਬਣੇ ਤਸ਼ੱਦਦ ਸੈਂਟਰ, ਨਸ਼ਾ ਕਰਨ ਵਾਲਿਆਂ 'ਤੇ ਅਣਮਨੁੱਖੀ ਤਸ਼ੱਦਦ, 40 ਮਰੀਜ਼ਾਂ ਨੂੰ ਬਚਾਇਆ
Punjab News: ਗੈਰ ਕਾਨੂੰਨੀ ਛੁਡਾਊ ਕੇਂਦਰਾਂ ਅੰਦਰ ਨਸ਼ਾ ਕਰਨ ਵਾਲਿਆਂ ਉੱਪਰ ਅਣਮਨੁੱਖੀ ਤਸ਼ੱਦਦ ਹੋ ਰਿਹਾ ਹੈ। ਇਹ ਖੁਲਾਸਾ ਅੰਮ੍ਰਿਤਸਰ ਵਿੱਚ ਹੋਇਆ ਹੈ।
![Amritsar News: ਨਸ਼ਾ ਛੁਡਾਊ ਕੇਂਦਰ ਬਣੇ ਤਸ਼ੱਦਦ ਸੈਂਟਰ, ਨਸ਼ਾ ਕਰਨ ਵਾਲਿਆਂ 'ਤੇ ਅਣਮਨੁੱਖੀ ਤਸ਼ੱਦਦ, 40 ਮਰੀਜ਼ਾਂ ਨੂੰ ਬਚਾਇਆ De-addiction center turned torture center, inhumane torture on drug addicts, 40 patients saved Amritsar News: ਨਸ਼ਾ ਛੁਡਾਊ ਕੇਂਦਰ ਬਣੇ ਤਸ਼ੱਦਦ ਸੈਂਟਰ, ਨਸ਼ਾ ਕਰਨ ਵਾਲਿਆਂ 'ਤੇ ਅਣਮਨੁੱਖੀ ਤਸ਼ੱਦਦ, 40 ਮਰੀਜ਼ਾਂ ਨੂੰ ਬਚਾਇਆ](https://feeds.abplive.com/onecms/images/uploaded-images/2024/01/31/e0f01818073935cf3a2f3732267bff471706675964170700_original.jpg?impolicy=abp_cdn&imwidth=1200&height=675)
Amritsar News: ਗੈਰ ਕਾਨੂੰਨੀ ਛੁਡਾਊ ਕੇਂਦਰਾਂ ਅੰਦਰ ਨਸ਼ਾ ਕਰਨ ਵਾਲਿਆਂ ਉੱਪਰ ਅਣਮਨੁੱਖੀ ਤਸ਼ੱਦਦ ਹੋ ਰਿਹਾ ਹੈ। ਇਹ ਖੁਲਾਸਾ ਅੰਮ੍ਰਿਤਸਰ ਵਿੱਚ ਹੋਇਆ ਹੈ। ਛੇਹਰਟਾ ਤੇ ਸੁਲਤਾਨਵਿੰਡ ਇਲਾਕੇ ਵਿੱਚ ਚੱਲ ਰਹੇ ਦੋ ਛੁਡਾਊ ਕੇਂਦਰਾਂ ਵਿੱਚੋਂ 40 ਮਰੀਜ਼ਾਂ ਨੂੰ ਬਚਾਇਆ ਗਿਆ ਹੈ।
ਦਰਅਸਲ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੰਗਲਵਾਰ ਨੂੰ ਸਾਂਝੀ ਕਾਰਵਾਈ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਨਿੱਜੀ ਤੌਰ ’ਤੇ ਚਲਾਏ ਜਾ ਰਹੇ ਦੋ ਨਸ਼ਾ ਛੁਡਾਊ ਕੇਂਦਰਾਂ ਤੇ ਛਾਪੇ ਮਾਰੇ ਗਏ। ਇੱਥੋਂ ਲਗਪਗ 40 ਮਰੀਜ਼ਾਂ ਨੂੰ ਬਚਾਇਆ ਗਿਆ ਤੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਵਿੱਚ ਭੇਜਿਆ ਗਿਆ।
ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਦੋ ਨਸ਼ਾ ਛਡਾਊ ਕੇਂਦਰ ਛੇਹਰਟਾ ਤੇ ਸੁਲਤਾਨਵਿੰਡ ਇਲਾਕੇ ਵਿੱਚ ਚੱਲ ਰਹੇ ਸਨ। ਇਹ ਦੋਵੇਂ ਗੈਰ ਕਾਨੂੰਨੀ ਹਨ ਤੇ ਨਿੱਜੀ ਤੌਰ ’ਤੇ ਚਲਾਏ ਜਾ ਰਹੇ ਹਨ। ਇਨ੍ਹਾਂ ਦੀ ਜਾਂਚ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ। ਪੁਲਿਸ ਨੇ ਇਹ ਦੋਵਾਂ ਨਸ਼ਾ ਛੁਡਾਊ ਕੇਂਦਰਾਂ ਨੂੰ ਸੀਲ ਕਰ ਦਿੱਤਾ ਹੈ।
ਛਾਪੇ ਮਾਰਨ ਵਾਲੀ ਟੀਮ ਦੀ ਅਗਵਾਈ ਪੁਲਿਸ ਦੇ ਏਡੀਸੀਪੀ ਡਾਕਟਰ ਦਰਪਨ ਆਹਲੂਵਾਲੀਆ ਤੇ ਏਸੀਪੀ ਮਨਿੰਦਰ ਪਾਲ ਸਿੰਘ ਕਰ ਰਹੇ ਸਨ। ਇਸ ਟੀਮ ਵਿੱਚ ਸਿਹਤ ਵਿਭਾਗ ਵੱਲੋਂ ਡਾਕਟਰ ਭਾਰਤੀ ਧਵਨ ਤੇ ਹੋਰ ਸਿਹਤ ਕਰਮਚਾਰੀ ਸ਼ਾਮਲ ਸਨ। ਬੁਲਾਰੇ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਇਨ੍ਹਾਂ ਦੋਵਾਂ ਕੇਂਦਰਾਂ ਬਾਰੇ ਸ਼ਿਕਾਇਤ ਮਿਲੀ ਸੀ ਕਿ ਇੱਥੇ ਇਲਾਜ ਲਈ ਮਰੀਜ਼ਾਂ ਦੇ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ।
ਇਨ੍ਹਾਂ ਕੇਂਦਰਾਂ ਦੀ ਜਾਂਚ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਇੱਥੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਇਨ੍ਹਾਂ ਦੋਵਾਂ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਲਗਪਗ 40 ਨਸ਼ਾ ਮਰੀਜ਼ਾਂ ਨੂੰ ਬਚਾਇਆ ਗਿਆ, ਜਿਨ੍ਹਾਂ ਨੇ ਇਨ੍ਹਾਂ ਕੇਂਦਰਾਂ ਵਿੱਚ ਹੋ ਰਹੇ ਅਨਮਨੁਖੀ ਤਸ਼ੱਦਦ ਬਾਰੇ ਵੀ ਜਾਣਕਾਰੀ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਇੱਥੋਂ ਬਚਾਏ ਗਏ ਮਰੀਜ਼ਾਂ ਨੂੰ ਬਿਹਤਰ ਇਲਾਜ ਵਾਸਤੇ ਸਰਕਾਰੀ ਨਸ਼ਾ ਛਡਾਊ ਕੇਂਦਰ ਤੇ ਮੁੜ ਵਸੇਬਾ ਕੇਂਦਰ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਕੇਂਦਰਾਂ ਵਿੱਚ ਮੁੱਢਲੀਆਂ ਸਹੂਲਤਾਂ ਦੀ ਵੱਡੀ ਕਮੀ ਸੀ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੋ ਰਹੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)