ਅੰਤਰਰਾਸ਼ਟਰੀ ਯਾਤਰੀਆਂ ਨੂੰ ਨਹੀਂ ਆਵੇਗੀ ਪ੍ਰੇਸ਼ਾਨੀ , ਅੰਮ੍ਰਿਤਸਰ ਏਅਰਪੋਰਟ ਅਧਿਕਾਰੀਆਂ ਨੇ ਦਿੱਤਾ ਭਰੋਸਾ : ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ
Amritsar News : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਦੇਸ਼ ਤੋਂ ਆਓਣ ਵਾਲੇ ਯਾਤਰੀਆਂ ਨੂੰ ਆਪਣਾ ਸਮਾਨ ਲੈਣ ਤੋਂ ਬਾਅਦ ਕਸਟਮ ਵਿੱਚੋਂ ਲੰਘਣ ਸਮੇਂ ਦਰਪੇਸ਼ ਸਮੱਸਿਆਵਾਂ ਸੰਬੰਧੀ ਫਲਾਈ
Amritsar News : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਦੇਸ਼ ਤੋਂ ਆਓਣ ਵਾਲੇ ਯਾਤਰੀਆਂ ਨੂੰ ਆਪਣਾ ਸਮਾਨ ਲੈਣ ਤੋਂ ਬਾਅਦ ਕਸਟਮ ਵਿੱਚੋਂ ਲੰਘਣ ਸਮੇਂ ਦਰਪੇਸ਼ ਸਮੱਸਿਆਵਾਂ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਏਅਰਪੋਰਟ ਅਤੇ ਕਸਟਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਕਸਟਮ ਵਿੱਚੋਂ ਲੰਘਦੇ ਸਮੇਂ ਸਿਰਫ ਸੰਵੇਦਨਸ਼ੀਲ (ਸੈਂਸੀਟਿਵ) ਉਡਾਣਾਂ ਦੇ ਸਵਾਰੀਆਂ ਦੇ ਸਮਾਨ ਦੀ ਚੈਂਕਿੰਗ ਉੱਪਰ ਹੀ ਧਿਆਨ ਦਿੱਤਾ ਜਾਵੇਗਾ ਅਤੇ ਉਸੇ ਸਮੇਂ ਕਿਸੇ ਹੋਰ ਉਡਾਣ 'ਤੇ ਆਏ ਸਾਰੇ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਏਅਰਪੋਰਟ ਡਾਇਰੈਕਟਰ ਸ੍ਰੀ ਵੀ.ਕੇ. ਸੇਠ ਵੱਲੋਂ ਵਿਸ਼ੇਸ਼ ਤੌਰ ‘ਤੇ ਇਹ ਮੀਟਿੰਗ ਸੱਦੀ ਗਈ ,ਜਿਸ ਵਿੱਚ ਕਸਟਮ ਕਮਿਸ਼ਨਰ ਰਾਹੁਲ ਨਾਨਗਰੇ, ਡਿਪਟੀ ਕਮਿਸ਼ਨਰ ਕਸਟਮ ਨਵਨੀਤ ਕੌਸ਼ਲ, ਏਅਰਪੋਰਟ ਆਪ੍ਰੇਸ਼ਨ ਮੈਨੇਜਰ ਕੈਪਟਨ ਵਿਵੇਕ ਅੱਤਰੀ, ਡਿਊਟੀ ਮੈਨੇਜਰ ਤਿਲਕ ਰਾਜ ਸ਼ਾਮਲ ਸਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਯੂਏਈ ਵਿੱਚ ਰੁਕ ਕੇ ਸ਼ਾਰਜਾਹ ਹਵਾਈ ਅੱਡੇ ਰਾਹੀਂ ਅਮਰੀਕਾ ਤੋਂ ਅੰਮ੍ਰਿਤਸਰ ਪੁੱਜੇ ਸਨ। ਉਹਨਾਂ ਦਿੱਲੀ ਦੀ ਬਜਾਏ ਸਿੱਧਾ ਅੰਮ੍ਰਿਤਸਰ ਆਉਣ ਲਈ ਸ਼ਾਰਜਾਹ ਤੋਂ ਫਲਾਈਟ ਫੜੀ ਸੀ। ਸ਼ਾਰਜਾਹ ਤੋਂ ਆਉਣ ਵਾਲੀਂ ਉਡਾਣ ਦੇ ਸਾਰੇ ਯਾਤਰੀਆਂ ਦੇ ਸਮਾਨ ਨੂੰ ਕਸਟਮ ਦੁਆਰਾ ਜਾਂਚ ਅਧੀਨ ਰੱਖਿਆ ਗਿਆ ਸੀ।
ਇਸ ਉਡਾਣ ਤੋਂ ਕੁੱਝ ਹੀ ਸਮਾਂ ਪਹਿਲਾਂ ਸਿੰਗਾਪੁਰ ਤੋਂ ਸਕੂਟ ਏਅਰਲਾਈਨ ਦੀ ਉਡਾਣ ‘ਤੇ 300 ਤੋਂ ਵੱਧ ਯਾਤਰੀਆਂ ਦੇ ਉਤਰਨ ਕਾਰਨ ਸਮੱਸਿਆ ਹੋਰ ਵਧ ਗਈ ਕਿਉੰਕਿ ਸਮਾਨ ਲੈਣ ਤੋਂ ਬਾਦ ਦੋਹਾਂ ਉਡਾਣਾਂ ਦੇ ਤਕਰੀਬਨ 450 ਤੋਂ ਵੱਧ ਯਾਤਰੀਆਂ ਦੇ ਸਮਾਨ ਨੂੰ ਏਅਰਪੋਰਟ 'ਤੇ ਗ੍ਰੀਨ ਚੈਨਲ ਬੰਦ ਕਰਕੇ ਸਾਰੇ ਯਾਤਰੀਆਂ ਦਾ ਸਮਾਨ ਸਕੈਨਿੰਗ ਮਸ਼ੀਨ 'ਤੇ ਮੁੜ ਰੱਖਵਾਇਆ ਜਾ ਰਿਹਾ ਸੀ। ਉਹਨਾਂ ਦੇਖਿਆ ਕਿ ਦੋ ਸਕੈਨਰ ਹੋਣ ਦੇ ਬਾਵਜੂਦ ਸਿਰਫ ਇੱਕ ਹੀ ਸਕੈਨਰ ਨੂੰ ਵਰਤਿਆ ਜਾ ਰਿਹਾ ਸੀ।
ਉਹਨਾਂ ਅਗਾਂਹ ਦੱਸਿਆ ਕਿ ਇਸ ਕਾਰਨ ਉੱਥੇ ਵੱਡੀ ਭੀੜ ਲੱਗ ਗਈ ਅਤੇ ਵੱਖਰੀਆਂ ਕਤਾਰਾਂ ਲਈ ਕੋਈ ਵਿਵਸਥਾ ਨਾ ਹੋਣ ਕਾਰਨ ਬੱਚੇ, ਬਜ਼ੁਰਗ, ਅਤੇ ਅਪਾਹਜ ਯਾਤਰੀਆਂ ਨੂੰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਸੀ। ਇਸੇ ਤਰਾਂ ਕਤਰ ਦੀ ਦੋਹਾ ਤੋਂ ਉਡਾਣ ਜਿਸ ਤੇ ਵੱਡੀ ਗਿਣਤੀ ਵਿੱਚ ਅਮਰੀਕਾ, ਕੈਨੇਡਾ, ਯੂਰਪ ਤੋਂ ਯਾਤਰੀ ਆਓਂਦੇ ਹਨ, ਦੇ ਨਾਲ ਹੀ ਦੁਬਈ ਦੀ ਉਡਾਣ ਆਓਣ ਨਾਲ ਉਸ ਉਡਾਣ ਦੇ ਯਾਤਰੀਆਂ ਨੂੰ ਵੀ ਮੁਸ਼ਕਲ ਹੋ ਰਹੀ ਸੀ। ਕੁੱਝ ਸੂਤਰਾਂ ਨੇ ਦੱਸਿਆ ਕਿ ਹਵਾਈ ਅੱਡੇ ਦੇ ਸਟਾਫ ਨੂੰ ਸ਼ਾਰਜਾਹ ਅਤੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਵਾਰ-ਵਾਰ ਸੋਨੇ ਦੀ ਤਸਕਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਗੁਮਟਾਲਾ ਨੇ ਉਸੀ ਸਮੇਂ ਇਹ ਮਾਮਲਾ ਏਅਰਪੋਰਟ ਡਾਇਰੈਕਟਰ ਅਤੇ ਟਵੀਟ ਰਾਹੀਂ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੇ ਧਿਆਨ ਵਿੱਚ ਲਿਆਂਦਾ। ਇਸ ਉਪਰੰਤ ਅਗਲੇ ਹੀ ਦਿਨ ਡਾਇਰੈਕਟਰ ਸ੍ਰੀ ਵੀਕੇ ਸੇਠ ਨੇ ਏਅਰਪੋਰਟ ਅਤੇ ਕਸਟਮ ਅਧਿਕਾਰੀਆਂ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨਾਲ ਇਸ ਸਮੱਸਿਆ ਦੇ ਹੱਲ ਸੰਬੰਧੀ ਮੀਟਿੰਗ ਕਰ ਜਾਣਕਾਰੀ ਸਾਂਝੀ ਕੀਤੀ।
ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਹੁਣ ਦੂਜੇ ਸਕੈਨਰ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾਵੇਗਾ ਅਤੇ ਭੀੜ ਨਾ ਪਵੇ, ਇਸ ਲਈ ਦੋ ਉਡਾਣਾਂ ਦੇ ਯਾਤਰੀਆਂ ਵਿੱਚ ਕੁੱਝ ਵਕਫ਼ਾ ਰੱਖਿਆ ਜਾਵੇਗਾ। ਗੁਮਟਾਲਾ ਨੇ ਏਅਰਪੇਰਟ ਅਧਿਕਾਰੀਆਂ ਨਾਲ ਇਮੀਗਰੇਸ਼ਨ ਮਹਿਕਮੇ ਵੱਲੋਂ ਦਿਖਾਈ ਜਾ ਰਹੀ ਵਧੀਆ ਕਾਰਗੁਜ਼ਾਰੀ ਦੀ ਸਰਾਹਨਾ ਕੀਤੀ ਜੋ ਕਿ ਬਹੁਤ ਹੀ ਵਧੀਆ ਢੰਗ ਨਾਲ ਯਾਤਰੀਆਂ ਦੀ ਮਦਦ ਕਰ ਰਹੇ ਸਨ।
ਮੀਟਿੰਗ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਏਅਰਪੋਰਟ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦੇ ਫੋਰੀ ਹੱਲ ਲਈ ਵਿਖਾਈ ਗਈ ਗੰਭੀਰਤਾ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਮੰਚ ਦੇ ਸਰਪ੍ਰਸਤ ਪਿੰਸ਼ੀਪਲ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਪ੍ਰਧਾਨ ਹਰਦੀਪ ਸਿੰਘ ਚਾਹਲ ਅਤੇ ਮੈਂਬਰ ਜਗਜੀਵਨ ਸਿੰਘ ਵੀ ਸ਼ਾਮਲ ਸਨ। ਉਹਨਾਂ ਨਵੀਂਆਂ ਉਡਾਣਾਂ, ਕਾਰਗੋ ਅਤੇ ਹੋਰ ਮੁੱਦਿਆਂ ਸੰਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।